ਧਰਮ-ਭਾਵਨਾ ਜੀਵਨ ਦੇ ਬੁਨਿਆਦੀ ਮਸਲਿਆਂ ਨਾਲ ਸੰਬੰਧਿਤ ਹੁੰਦੀ ਹੈ ਇਸੇ ਕਰਕੇ ਹੀ ਧਰਮ-ਭਾਵੀ ਭਾਈ ਵੀਰ ਸਿੰਘ ਜ਼ਿੰਦਗੀ ਦੇ ਚੁਣਵੇਂ ਵੇਰਵਿਆਂ ਨੂੰ ਵੀ ਬੁਨਿਆਦੀ ਸੱਚ ਨਾਲ ਜੋੜਨ ਦਾ ਜਤਨ ਕਰਦਾ ਹੈ। ਲੋਕ ਨੂੰ ਪਰਲੋਕ ਨਾਲ ਜੋੜੇ ਬਿਨਾਂ ਧਾਰਮਿਕ ਕਾਵਿ ਦੀ ਰਚਨਾ ਨਹੀਂ ਹੋ ਸਕਦੀ ਇਸੇ ਕਰਕੇ ਹੀ ਭਾਈ ਸਾਹਿਬ ਕੁਦਰਤ ਨੂੰ ਕਦਾਰ ਨਾਲ, ਦ੍ਰਿਸ਼ ਨੂੰ ਦ੍ਰਿਸ਼ਟੀ ਨਾਲ ਅਤੇ ਫ਼ਰਸ਼ ਨੂੰ ਅਰਸ਼ ਨਾਲ ਜੋੜਦੇ ਹਨ। ਕਸ਼ਮੀਰ ਜਿਹੇ ਸੁੰਦਰ ਦੇਸ ਬਾਰੇ ਕਹਿੰਦੇ ਹਨ: 'ਹੈ ਧਰਤੀ ਪਰ ਓਹ ਅਸਮਾਨੀ' ਸੁੰਦਰ ਵਿਅਕਤੀਆਂ ਬਾਰੇ ਹਨ: 'ਤਿਵੇਂ ਸੁੰਦਰਤਾ ਅਰਸ਼ੋਂ ਆਵੇਂ ਸੁਹਣਿਆਂ ਤੇ ਪੈ ਚਮਕੇ'। ਇਹ ਬਿਰਤੀ ਭਾਈ ਸਾਹਿਬ ਦੀ ਕਾਵਿ ਰਚਨਾ ਦਾ ਬੁਨਿਆਦੀ ਤੱਤ ਹੈ। ਉਹ ਤਾਂ ਧਰਤੀ ਉਪਰ ਰਚੀ ਜਾ ਰਹੀ ਕਵਿਤਾ ਦੇ ਕਰਤਾਰੀ ਸਿਧਾਂਤ ਦਾ ਨਿਵਾਸ ਵੀ ਅਰਸਾਂ ਵਿਚ ਮੰਨਦੇ ਹਨ:
ਕਵਿਤਾ ਦੀ ਸੁੰਦਰਤਾਈ
ਉੱਚੇ ਨਛੱਤਰੀਂ ਵਸਦੀ
ਆਪਣੇ ਸੰਗੀਤ ਲਹਿਰੇ
ਆਪਣੇ ਪ੍ਰਕਾਸ਼ ਲੱਸਦੀ
ਇਕ ਸ਼ਾਮ ਨੂੰ ਏ ਓਥੋਂ
ਹੇਠਾਂ ਪਲਮਦੀ ਆਈ
ਰਸ ਰੰਗ ਨਾਲ ਕੰਬਦੀ
ਸੰਗੀਤ ਥਰਥਰਾਈ।}}
ਇਹ ਹੈ, ਸੰਖੇਪ ਵਿਚ ਭਾਈ ਵੀਰ ਸਿੰਘ ਦੀ ਕਾਵਿ ਸੰਰਚਨਾ ਦਾ ਪ੍ਰਕਾਸ਼-ਬਿੰਦੂ ਪਰ ਭਾਈ ਸਾਹਿਬ ਵੀਰ ਸਿੰਘ ਆਪ ਇਕ ਸਮਾਜਿਕ ਸੰਸਥਾ ਬਣ ਚੁਕੇ ਹਨ।
-ਡਾ: ਹਰਿਭਜਨ ਸਿੰਘ Ph.D,
(ਦਿੱਲੀ ਯੂਨੀਵਰਸਟੀ)