ਸਮੱਗਰੀ 'ਤੇ ਜਾਓ

ਪੰਨਾ:ਪਿਆਰ ਅੱਥਰੂ.pdf/67

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਦਾ ਪ੍ਰਵਾਹ ਹਮੇਸ਼ ਚਲਦਾ ਰਹਿੰਦਾ। ਅਨੇਕਾਂ ਵਿਰਕਤ ਤੇ ਡੇਰੇਦਾਰ, ਸੰਤ ਤੇ ਗ੍ਰਿਹਸਤੀਆਂ ਨੇ ਆਪ ਪਾਸੋਂ ਪ੍ਰਤਾਪ ਸੂਰਜ ਗ੍ਰੰਥ ਪੜ੍ਹਿਆ। ਆਪ ਇਸ ਵਿੱਚ ਖਾਸੀ ਮਹਾਰਤ ਰਖਦੇ ਸਨ। ਸਿਖੀ ਪਿਆਰ ਵਾਲੇ ਬੰਦੇ ਸਨ। ਵਿਦਵਾਨਾਂ ਨੂੰ ਕੱਠੇ ਕਰਕੇ ਕੌਮ ਦੀ ਆਰਥਕ ਤੇ ਪਰਮਾਰਥਿਕ ਦਸ਼ਾ ਉਤੇ ਵਿਚਾਰਾਂ ਕਰਦੇ ਤੇ ਉਨਤੀ ਦੇ ਸਾਧਨ ਸੋਚਦੇ ਰਹਿੰਦੇ। ਸਿਖਾਂ ਵਿਚ ਗੁਰਪੁਰਬਾਂ ਦੇ ਮਨਾਣ ਦਾ ਪ੍ਰਚਾਰ ਕੀਤਾ। ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚੋਂ ਆਪ ਉਘੇ ਸੇਵਕ ਸਨ। ਪਹਿਲਾਂ ਪਹਿਲ ਆਪ ਨੇ ਹੀ ਅੰਮ੍ਰਿਤਸਰ ਵਿਖੇ ਕਵੀ ਦਰਬਾਰਾਂ ਦੀ ਰਸਮ ਚਲਾਈ ਤੇ ਇਸ ਤਰ੍ਹਾਂ ਦੇ ਸਮੇਂ ਦੇ ਪ੍ਰਸਿੱਧ ਕਵੀਆਂ ਤੇ ਲਿਖਾਰੀਆਂ ਨੂੰ ਸਿਖ ਸਮਾਗਮਾਂ ਉਤੇ ਗੁਰੂ ਸਾਹਿਬਾਨ ਤੇ ਸਿੰਘਾਂ ਦੀਆਂ ਕਰਨੀਆਂ ਬਾਰੇ ਕਵਿਤਾ ਕਹਿਣ ਲਈ ਪ੍ਰੇਰਿਆ। ਆਪ ਨੇ ਪੰਜਾਬੀ ਭਾਸ਼ਾ ਵਿਚ ਕਈ ਇਕ ਪੁਸਤਕਾਂ ਤੇ ਟ੍ਰੈਕਟ ਲਿਖੇ। ਆਪ ਦੀਆਂ ਰਚਿਤ ਛਪੀਆਂ ਪੁਸਤਕਾਂ ਵਿਚੋਂ 'ਜੰਗ ਮੜੌਲੀ', 'ਹੀਰ ਭਾਈ ਗੁਰਦਾਸ' ਤੇ 'ਸ਼ਰਾਬ ਕੌਰ' ਮਸ਼ਹੂਰ ਹਨ। 'ਬਾਣੀ ਬਿਉਰਾ', ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਵੇਰਵਾ ਹੈ ਤੇ 'ਸ਼ਬਦ ਬ੍ਰਿਤੀ ਪ੍ਰਕਾਸ਼', ਜਿਸ ਵਿਚ ਸ਼ਬਦ ਦੀਆਂ ਤਿੰਨਾ ਬ੍ਰਿਤੀਆਂ ਤੇ ਧੁਨੀਆਂ ਬਾਰੇ ਵਿਦਵਤਾ ਭਰੀ ਖੋਜ ਹੈ, ਦੋਵੇਂ ਆਪਦੀ ਅਣਥੱਕ ਮਿਹਨਤ ਦਾ ਨਮੂਨਾ ਹਨ। ਆਪ ਨੇ 'ਸਕੁੰਤਲਾ ਨਾਟਕ' ਦਾ ਭੀ ਪੰਜਾਬੀ ਵਿਚ ਅਨੁਵਾਦ ਕੀਤਾ। 'ਅਟੱਲ ਪ੍ਰਕਾਸ਼' ਆਪ ਦੀ ਮੁਢਲੀ ਬ੍ਰਿਜ ਭਾਸ਼ਾ ਦੀ ਕਹੀ ਕਵਿਤਾ ਦਾ ਨਮੂਨਾ ਹੈ। ਇਨ੍ਹਾਂ ਤੋਂ ਛੁਟ ਆਪਦੇ ਰਚਿਤ ਹੋਰ ਅਨੇਕਾਂ ਛੋਟੇ ਛੋਟੇ ਪੁਸਤਕ ਖਾਲਸਾ ਟ੍ਰੈਕਟ ਸੁਸਾਇਟੀ ਵਲੋਂ ਛਪੇ, ਜਿਨ੍ਹਾਂ ਵਿਚੋਂ 'ਫਰਿਯਾਦ,'ਗੜਗੱਜ ਬੋਲੇ, 'ਲਾਟੂ ਸਿੰਘ ਅਡੋਲਕ ਸਿੰਘ, 'ਜੈ ਜੈ ਸੀਤਾ ਰਾਮ', 'ਸ਼ੁਸ਼ੀਲਾ' ਆਦਿ ਮਸ਼ਹੂਰ ਹਨ।

ਡਾਕਟਰ ਜੀ ਦਾ ਦੇਹਾਂਤ ੧੪ ਨਵੰਬਰ, ੧੯੦੮ ਈਸਵੀ ਨੂੰ ੫੫ ਸਾਲ ਦੀ ਆਯੂ ਵਿਚ ਹੋਇਆ। ਭਾਈ ਸਾਹਿਬ ਦੀ ਮਾਤਾ ਜਿਸ ਦਾ ਨਾਮ ਉੱਤਮ ਕੌਰ ਸੀ, ਦਾ ਦਿਹਾਂਤ ਕੋਈ ਦੱਸ ਸਾਲ ਪਿਛੋਂ ੯ ਅਪ੍ਰੈਲ, ੧੯੧੮ ਹਾਲ ਬਾਜ਼ਾਰ ਵਾਲੇ ਮਕਾਨ ਵਿਚ ਹੋਇਆ।

ਭਾਈ ਵੀਰ ਸਿੰਘ ਜੀ ਦਾ ਆਲਾ ਦੁਆਲਾ ਬਚਪਨ ਤੋਂ ਹੀ ਧਾਰਮਕ ਤੇ ਵਿਦਵਾਨ ਸੀ। ਬਾਬਾ ਕਾਹਨ ਸਿੰਘ ਜੀ ਦੀਆਂ ਨਾਮ-ਰਸ ਰੱਤੀਆਂ ਲੋਰੀਆਂ ਤੇ ਵਿਦਵਾਨ ਪਿਤਾ ਦਾ ਪਿਆਰ ਵਾਲਾ ਹੱਥ ਆਪ ਦੇ ਮੁਢਲੇ ਜੀਵਨ ਦੇ ਆਗੂ ਸਨ।

੬੧