ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੨

ਉਤੇ ਹਰ ਤਰ੍ਹਾਂ ਦਾ ਦਬਾ ਪਾਇਆ। ਕਲੋਨੀਆਂ ਦੀ ਮਜ਼ਦੂਰ ਕਿਸਾਨ ਅਤੇ ਮੇਹਨਤਕਸ਼ ਜਨਤਾ ਨੂੰ ਲੁਟਣ ਖਸਟਣ ਲਈ ਹਰ ਇਕ ਤਰੀਕਾ ਵਰਤਿਆ, ਵਾਹੋਦਾਹੀ ਨਵੀਂ ਲੜਾਈ ਦੀ ਤਿਆਰੀ ਵਿਚ ਤੇ ਲੜਾਈ ਵਿਚ ਕੰਮ ਆਉਣ ਵਾਲੇ ਮਾਲ ਦੀ ਪੈਦਾਵਾਰ ਵਧੌਣ ਵਿਚ ਲਗ ਗਏ। ਇਨ੍ਹਾਂ ਤਰੀਕਿਆਂ ਦੁਵਾਰਾ ਬੁਰਜੂਆਜ਼ੀ ਸਰਮਾਏਦਾਰ ਮੁਲਕਾਂ ਵਿਚ ਆਰਜ਼ੀ ਤੌਰ ਤੇ ਡਿਗ ਰਹੀ ਆਰਥਕਤਾ ਨੂੰ ਰੋਕਣ ਵਿਚ ਕਾਮਯਾਬ ਹੋ ਗਈ ਪਰ ਜਿਸ ਤਰਾਂ ਆਮ ਕਰਕੇ ਪਿਛਲਿਆਂ ਮੰਦਵਾੜਿਆਂ ਦੇ ਖਤਮ ਹੋਣ ਮਗਰੋਂ ਇਕ ਦਮ ਆਰਥਕ ਤਰੱਕੀ ਹੋਇਆ ਕਰਦੀ ਸੀ, ਹੁਣ ਉਹੋ ਜਹੀ ਕੋਈ ਤਰੱਕੀ ਨਹੀਂ ਹੋਈ। ਨਾ ਅਜੇਹੀ ਯਕਲਖਤ ਤਰੱਕੀ ਹੁਣ ਹੋਈ ਹੈ ਤੇ ਨਾ ਹੀ ਅਗੇ ਨੂੰ ਹੋ ਹੀ ਸਕਦੀ ਹੈ ਕਿਉਂਕਿ ਹੁਣ ਆਰਥਕ ਮੰਦਵਾੜਾ ਸਾਰੇ ਸਰਮਾਏਦਾਰੀ ਪ੍ਰਬੰਧ ਦੇ ਆਮ ਮੰਦਵਾੜੇ ਵਿਚ ਜਾ ਵੜਿਆ ਹੈ।

ਹਕੂਮਤ ਕਰਨ ਵਾਲੀਆਂ ਜਮਾਤਾਂ ਹਰ ਜਗਾ ਮਿਹਨਤਕਸ਼ ਜਨਤਾ ਦੀ ਇਨਸਾਨੀਅਤ ਤੋਂ ਰਹਿਤ ਲੁਟ ਖਸੁਟ ਦਵਾਰਾ ਆਪਣੇ ਆਪ ਦੀ ਹਾਲਤ ਦਰੁਸਤ ਕਰਨ ਦੇ ਆਹਰ ਵਿਚ ਹਨ। ਸ਼ਹਿਰਾਂ ਵਿਚ ਬੇਕਾਰ ਜਨਤਾ ਦਿਨ ਬ ਦਿਨ ਵਧ ਤੋਂ ਵਧ ਇਕੱਤਰ ਹੁੰਦੀ ਜਾ ਰਹੀ ਹੈ। ਕਰੋੜਾਂ ਦੇ ਆਦਮੀਆਂ ਨੂੰ ਕਿਤੇ ਕੋਈ ਕੰਮ ਨਹੀਂ ਮਿਲਦਾ। ਉਹ ਸਾਰੀ ਉਮਰ ਦੁਖੀ ਜ਼ਿੰਦਗੀ ਭੋਗਣ ਲਈ ਦੰਡ ਦਿਤੇ ਗਏ ਹਨ। ਉਹ “ਵਾਧੂ” ਆਦਮੀ ਹਨ।