ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਬਿ ਉਸਕੇ ਸਿਰ ਊਪਰਿ ਘੜਾ ਰਹਿਆ, ਉਤਰੈ ਨਾਹੀ। ਕੂੜਿ ਕਾ ਸਦਕਾ ਲਈ ਫਿਰੇ, ਤਬਿ ਨੂਰਸਾਹਿ ਨੂੰ ਖਬਰ ਹੋਈ, ਜੋ ਏਕੁ ਐਸਾ ਮੰਤ੍ਰਵਾਨ ਆਇਆ ਹੈ*[1], ਜੋ ਸਿਰ 'ਤੇ ਘੜਾ ਨਾਹੀਂ ਉਤਾਰਦਾ। ਤਬਿ ਨੂਰਸਾਹੁ ਹੁਕਮੁ ਕੀਤਾ: 'ਜੋ ਕੋਈ ਸਹਰਿ ਵਿਚ ਮੰਤ੍ਰਵਾਨ ਹੈ, ਸੋ ਰਹਿਣਾ ਨਾਹੀ'। ਤਦ ਜਹਾਂ ਕਹਾਂ ਤਾਈਂ ਕੋਈ ਮੰਤ੍ਰਵਾਨ ਥੀ, ਸੋ ਸਭ ਆਪੋ ਆਪਣੀ ਵਿਦਿਆ ਲੈ ਆਈਆਂ। ਕਾਈ ਦਰਖਤ ਉਪਰਿ ਚੜਿ ਆਈ। ਕਾਈ ਮਿਰਗਛਾਲਾ ਉਪਰਿ ਚੜਿ ਆਈ। ਕੋਈ ਚੰਦ ਉਪਰਿ ਚੜਿ ਆਈ। ਕਾਈ ਕੰਧ ਉਪਰਿ ਚੜਿ ਆਈ। ਕੋਈ ਬਾਗੂ ਸਾਥਿ ਲੇ ਲਾਈ[2]। ਕਾਈ ਢੋਲ ਲੈ ਵਜਾਂਵਦੀ ਆਈ। ਤਬਿ ਆਇ ਕਰਿ ਲਗੀਆਂ ਕਾਮਣ ਪਾਵਣ। ਧਾਗੇ ਬੰਨਿ ਬੰਨਿ ਕਰਿ। ਤਬਿ ਬਾਬੇ ਮਰਦਾਨੇ ਬੰਨੇ ਦੇਖਿਆ, ਤਾਂ ਮਰਦਾਨਾ ਲਗਾ ਮੇਆਕਣਿ, ਤਬਿ ਗੁਰੂ ਬਾਬਾ ਹਸਿਆ। ਆਖਿਓਸੁ: 'ਮਰਦਾਨਿਆ! ਵਾਹਿਗੁਰੂ ਕਹਿ[3]ਕਰਿ ਮਥਾ ਟੇਕੁ'। ਗਲੋਂ ਧਾਗਾ ਤੂਟ ਪਇਆ, ਰਬਾਬ ਲੇਕਰਿ ਆਇਆ। ਤਬਿ ਬਾਬੇ ਆਖਿਆ: 'ਮਰਦਾਨਿਆ! ਰਬਾਬ ਵਜਾਇ'। ਮਰਦਾਨੇ ਰਬਾਬ ਵਜਾਇਆ। ਰਾਗੁ ਵਡਹੰਸ ਮ: ੧ ਸ਼ਬਦ ਕੀਤਾ:

ਗੁਣਵੰਤੀ ਸਹੁ ਰਾਵਿਆ ਨਿਰਗੁਣਿ ਕੂਕੇ ਕਾਇ॥ ਜੇ ਗੁਣਵੰਤੀ ਥੀ
ਰਹੈ ਤਾ ਭੀ ਸਹੁ ਰਾਵਣ ਜਾਇ॥੧॥ ਮੇਰਾ ਕੰਤੁ ਰੀਸਾਲੂ ਕੀ ਧਨ
ਅਵਰਾ ਰਾਵੇ ਜੀ॥੧॥ ਰਹਾਉ॥ ਕਰਣੀ ਕਾਮਣ ਜੇ ਥੀਐ ਜੇ ਮਨੁ
ਧਾਗਾ ਹੋਇ॥ ਮਾਣਕੁ ਮੂਲਿ ਨ ਪਾਈਐ ਲੀਜੈ ਚਿਤਿ ਪਰੋਇ॥੨॥
ਰਾਹੁ ਦਸਾਈ ਨ ਜੁਲਾਂ ਆਖਾਂ ਅੰਮੜੀਆਸੁ॥ ਤੈ ਸਹ ਨਾਲਿ
ਅਕੂਅਣਾ ਕਿਉ ਥੀਵੈ ਘਰ ਵਾਸੁ॥੩॥ ਨਾਨਕ ਏਕੀ ਬਾਹਰਾ ਦੂਜਾ
ਨਾਹੀ ਕੋਇ॥ ਤੈ ਸਹ ਲਗੀ ਜੇ ਰਹੈ ਭੀ ਸਹੁ ਰਾਵੈ ਸੋਇ॥੪॥੨॥

(ਪੰਨਾ ੫੫੭)

ਤਾਂ ਜਬਾਬੁ ਕਛੁ ਹੋਵੈ ਨਾਹੀ। ਤਬਿ ਨੂਰਸਾਹਿ ਕਉ ਖਬਰਿ ਹੋਈ, ਜੋ ਮੰਤ੍ਰ ਜੰਤ੍ਰ ਕਛੁ ਨਾਹੀ ਚਲਤਾ। ਤਬਿ ਨੂਰ ਸਾਹ ਸਭਨਾਂ ਕੀ ਸਿਰਦਾਰਨੀ ਸੀ। ਖਾਸੀਆ ਚੇਲੀਆਂ ਸਾਥਿ ਅਡੰਬਰ ਕਾਗਦਾ ਕੇ ਉਪਰਿ ਚੜਿ ਕਰਿ ਆਈਆਂ। ਆਇ ਕਰ ਲਗੀ ਮੰਤ੍ਰ ਜੰਤ੍ਰ ਕਰਣਿ। ਤਬਿ ਗੁਰੂ ਨਾਨਕ ਬੋਲਿਆ, ਸਬਦੁ ਰਾਗੁ ਸੂਹੀ ਵਿਚ ਮਃ ੧॥

ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ॥
ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ॥
ਜਿਨ੍ਹੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹਿ ਜੀਉ॥


-


  1. *'ਏਕ ਐਸਾ ਮੰਤਰਵਾਨ ਆਇਆ ਹੈ', ਦੀ ਥਾਂ ਹਾ: ਬਾ: ਨੁ: ਵਿਚ ਪਾਠ ਹੈ:- 'ਇਕ ਇਸਤ੍ਰੀ ਆਈ ਹੈ ਜੋ ਓਸਦੇ ਸਿਰ ਉਤੋਂ ਘੜਾ ਨਾਹੀ ਉਤਰਦਾ'।
  2. 'ਕਾਈ...ਤੋਂ...ਬਾਗ ਸਾਥ ਲੈ ਆਈ' ਤਕ ਦਾ ਪਾਠ ਹਾ: ਬਾ: ਨੁਸਖੇ ਵਿਚ ਨਹੀਂ ਹੈ।
  3. 'ਕਹਿ' - ਪਾਠ ਹਾ: ਬਾ: ਨੁਸਖ਼ੇ ਦਾ ਹੈ।

ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (63)