ੴ ਸਤਿਗੁਰਪ੍ਰਸਾਦਿ॥
ਸਾਲਵਾਹਨ ਦਾ ਰਾਜ
੧.
ਸਿਆਲ ਕੋਟ ਭਾਵੇਂ ਰਾਜੇ ਸਾਲਵਾਹਨ ਦੇ ਸਮੇਂ ਐਡੀ ਭਾਰੀ ਘੁੱਗ ਵਸਦੀ ਨਗਰੀ ਨਹੀਂ ਸੀ, ਪਰ ਪ੍ਰਤਾਪੀ ਭੁਜਾ ਬਲ ਦੇ ਮਾਲਕ ਰਾਜੇ ਦੀ ਹਰ ਮਨ ਪਿਆਰੀ ਦੇ ਸਦਕੇ ਢੇਰ ਸਾਰੇ ਲੋਕ ਏਸ ਜਗਾ ਪਰ ਆ ਵੱਸੇ ਸਨ।ਰਾਜੇ ਦਾ ਪਰਜਾ ਨਾਲ ਚੰਗਾ ਵਰਤਾਉ ਤੇ ਪਿਆਰ ਸੀ, ਇਸ ਲਈ ਅਸ਼ਾਂਤੀ ਦਾ ਏਸ ਰਾਜ ਵਿੱਚ ਰੰਚਕ ਮਾਤ੍ਰ ਨਾਮ ਤੱਕ ਨਹੀਂ ਸੀ ਤੇ ਏਸੇ ਹੀ ਕਰਕੇ ਏਸ ਵੱਸੋਂ ਲੋਕ ਦੇ ਲਾਗੇ ਦੂਰ ਦੂਰ ਤੱਕ ਚੰਗੇ ਚੰਗੇ ਮਕਾਨ ਤੇ ਸੁਹਾਵਣੇ ਬਾਗ ਆਦਿਕ ਦਿਨ ਰਾਤ ਵਧਦੇ ਜਾਂਦੇ ਸਨ ਤੇ ਏਹ ਸ਼ੈਹਰ ਦਿਨ ਦੂਣਾ ਰਾਤ ਚੌਗਣਾ ਉੱਨਤ ਤੇ ਪ੍ਰਫੁਲਤ ਹੁੰਦਾ ਜਾ ਰਿਹਾ ਸੀ।
ਰਾਜੇ ਦਾ ਇਨਸਾਫ ਭੀ ਪਰਜਾ ਨਾਲ ਚੰਗੇਰਾ ਸੀ, ਜਿਸ ਤੋਂ ਪਰਜਾ ਦੇ ਲੋਕ ਆਪਣਾ ਠੀਕ ਠੀਕ ਇਨਸਾਫ ਕਰਵਾ ਪ੍ਰਸੰਨ ਹੁੰਦੇ ਤੇ ਰਾਜੇ ਦੇ ਜੱਸ ਗਾਇਨ ਕਰਦੇ ਸਨ, ਐਸੀ ਸੁੰਦਰ ਨਗਰੀ ਤੇ ਸੁਹਾਵਣੇ ਰਾਜਯ ਵਿੱਚ ਜੇ ਕੋਈ ਘਾਟਾ ਦਿਖਾਈ ਦੇ ਰਿਹਾ ਸੀ ਤਾਂ ਉਹ ਕੇਵਲ ਏਹੋ ਹੀ ਸੀ ਕਿ ਰਾਜ ਦੇ ਯੁਵਰਾਜ ਟਿੱਕਾ ਸਾਹਿਬ ਦਾ ਜਨਮ ਰਾਜ ਗ੍ਰਹਿ ਵਿਖੇ ਵਰਿਹਾਂ ਦੀ ਸਿੱਕ ਪਿਛੋਂ ਭੀ ਅਜੇ ਤੱਕ ਨਹੀਂ ਹੋਇਆ।