ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੦



ਇਖਲਾਕ ਦਾ ਰਤਨ

ਭੀ ਏਸਤਰਾਂ ਸੋਗ ਦੀ ਮੂਰਤੀ ਧਾਰਨ ਨਹੀਂ ਕਰਦੀਆਂ। ਬੋਲ ਲੂਣਾਂ! ਬੋਲ, ਤੂੰ ਆਪਣੀ ਵਿੱਥਯਾ ਨੂੰ ਆਪਣੇ ਮੁਖੜੇ ਤੋਂ ਬੋਲ, ਕੀ ਕਿਸੇ ਕਨੀਜ਼ ਗੋਲੀ ਯਾ ਨੌਕਰ ਚਾਕਰ ਨੇ ਤੈਨੂੰ ਕੋਈ ਮੰਦਾ ਬੋਲ ਬੋਲਿਆ ਹੈ? ਲੂਣਾਂ! ਮੇਰਾ ਜਿਗਰ ਪੱਛਿਆ ਪਿਆ ਹੈ, ਤੇਰੀ ਹੁਣ ਸਾਰੀ ਵਿੱਥਯਾ ਨਾਂ ਸੁਣਾਉਂਣ ਨਾਲ ਮੇਰਾ ਪੁੱਛਿਆ ਹੋਯਾ ਦਿਲ ਹੋਰ ਭੀ ਘਾਇਲ ਹੋ ਰਿਹਾ ਹੈ, ਦੇਖ ਲੂਣਾਂ! ਮੈਂ ਤੇਰੇ ਸਾਹਮਣੇ ਤਸਵੀਰ ਵਾਂਗ ਬੁੱਤ ਬਣਿਆਂ ਖੜਾ ਹਾਂ, ਛੇਤੀ ਆਪਣੇ ਦਿਲ ਦਾ ਸਾਰਾ ਹਾਲ ਖੋਲ੍ਹਕੇ ਦਸ, ਜੇ ਅੱਜ ਤੇਰੀ ਐਸੀ ਨਾਜ਼ਕ ਹਾਲਤ ਵਿੱਚੋਂ ਸੁਆਸਾਂ ਦਾ ਕਿਸੇ ਭਾਂਤ ਬਚਾਉ ਨਾ ਹੋਯਾ ਤਾਂ ਕਲ ਮੇਰੀ ਚਿਖਾ ਭੀ ਤੇਰੇ ਨਾਲ ਹੀ ਬਣੇਗੀ।

ਮੂਰਛਾ ਪੈਣੀ ਤੇ ਵੈਦ ਜੀ ਦਾ ਆਉਣਾ

੧੭.

ਜਦ ਰਾਜੇ ਨੂੰ ਹੱਦ ਤੋਂ ਵਧ ਤਰਲੇ ਤੇ ਮਿੰਨਤਾਂ ਕਰਦਿਆਂ ਦੇਖਿਆ ਤਾਂ ਉਹ ਕਪਟ ਮੂਰਤ ਛਲ ਭਰਪੂਰ ਹਿਰਦੇ ਨਾਲ ਮਚਲ ਮਾਰ ਰਾਜੇ ਦੀ ਪੁੱਛ ਤੋਂ ਬਿਨਾਂ ਹੀ ਕਿਸੇ ਕਾਰ ਦਾ ਉੱਤਰ ਦਿੱਤੇ ਦੇ ਹੇਠ ਲਿਖੀ ਦਸ਼ਾ ਵਿੱਚ ਮੂਰਛਤ ਹੋਈ ਹੋਈ ਦਿਖਾਈ ਦੇਣ ਲੱਗੀ-ਲੂਣਾਂ ਦੰਦੀਆਂ ਅੱਡਕੇ ਬੇਹੋਸ਼ ਪਈ ਹੋਈ ਹੈ, ਪਾਸ ਰਾਜਾ ਸਾਲਵਾਨ ਜੀ ਨਬਜ਼ ਤੇ ਹੱਥ ਰੱਖੇ ਉਸਦੇ ਮੂੰਹ ਵਲ ਬਾਰ ਬਾਰ ਤੱਕ ਰਹੇ ਹਨ ਕਿ ਹੁਣ ਭੀ ਬੋੱਲੀ ਕਿ ਬੋੱਲੀ,ਪਰ ਉਹ ਆਪਣੇ ਹੁਨਰ ਵਿੱਚ ਪੂਰਨ ਮੱਕਾਰ ਨਾਮ ਮਾਤ੍ਰ ਇਕ ਵਾਰ ਭੀ ਅੱਖ ਨਹੀਂ ਝਮਕਦੀ। ਅੱਜ ਜੇ ਕਿਸੇ ਨੇ ਨਾਰੀਆਂ ਦੇ ਚਰਿੱਤ੍ਰਾਂ