ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੮



ਇਖਲਾਕ ਦਾ ਰਤਨ

ਬਿਤਾ ਲੈ ਤੇ ਕੱਲ ਏਸ ਜ਼ੁਲਮ ਦਾ ਸੁਵਾਦ ਤੇਰੇ ਸਾਹਮਣੇ ਉਸ ਪੂਰਨ ਨੂੰ ਚਖਾਵਾਂਗਾ।

ਲੂਣਾਂ ਫੇਰ ਰਾਜੇ ਤੋਂ ਬਚਨ ਲੈਣ ਵਾਸਤੇ ਬੋੱਲੀ ਤੋਂ ਹੇ ਰਾਜਨ! ਮੁਖ ਤੋਂ ਨਿਕਲੇ ਸੁਖਨ ਨੂੰ ਸਿਰੇ ਚਾੜ੍ਹਕੇ ਮੇਰੇ ਨਾਲ ਇਨਸਾਫ ਕਰੀਂ, ਰੱਬ ਹੋਰ ਸਾਨੂੰ ਬਦਖਸ਼ਾਂ ਦਾ ਲਾਲ ਹੀਰਾ ਦੇ ਦੇਵੇਗਾ, ਪਰ ਏਸ ਕਰੂੰਡੀਏ ਦਾ ਦਰਸ਼ਨ ਫੇਰ ਮੈਨੂੰ ਜਨਮ ਭਰ ਨਾਂ ਕਰਾਵੀਂ, ਤੇਰੇ ਇਸਤਰਾਂ ਦਾ ਇਨਸਾਫ ਕਰਨ ਨਾਲ ਪਰਜਾ ਦੇ ਲੋਕਾਂ ਨੂੰ ਭੀ ਕੰਨ ਹੋ ਜਾਣਗੇ ਤੇ ਮੇਰੇ ਵਰਗੀਆਂ ਕਿਸਮਤ ਦੀਆਂ ਮਾਰੀਆਂ ਮਾਵਾਂ ਦੀ ਇੱਜ਼ਤ ਨੂੰ ਹੱਥ ਪਾਣ ਦਾ ਹੌਂਸਲਾ ਅਜੇਹੇ ਪਾਪੀ ਪੁੱਤ੍ਰ ਨਾਂ ਕਰ ਸਕਣਗੇ। ਇਸ ਪ੍ਰਕਾਰ ਬਚਨ ਦੇਕੇ ਰਾਜਾ ਸੌਂਣ ਨੂੰ ਤਾਂ ਸੌਂ ਗਿਆ ਪਰ ਨੀਂਦਰ ਕਿੱਥੋਂ ਆਵੇ? ਕਰਵਟ ਤੇ ਕਰਵਟ? ਬਦਲਦਾ ਹੈ, ਮਸਾਂ ਮਸਾਂ ਰਾਤ ਅੱਧੀ ਹੀ ਅਜੇ ਬੀਤੀ ਸੀ ਕਿ ਰਾਜਾ ਜਿਵੇਂ ਸੁੱਤਾ ਹੋਯਾ ਆਦਮੀ ਅੱਬੜਵਾਯਾ ਬੋਲ ਉਠਦਾ ਹੈ ਬੋਲ ਉਠਿਆ:-ਦੁਸ਼ਟ ਪੂਰਨਾਂ! ਹੁਣ ਤੂੰ ਕਿੱਥੇ ਜਾ ਸਕਦਾ ਹੈਂ? ਸਵੇਰੇ ਤੇਰੀਆਂ ਮੇਰੀਆਂ ਗੱਲਾਂ, ਵੇਖੀਂ ਤੈਨੂੰ ਤੇਰੀ ਏਸ ਬੇਹੁਰਮਤੀ ਦਾ ਕੀ ਮਜ਼ਾ ਚਖਾਉਂਦਾ ਹਾਂ। ਬੱਸ ਇਵੇਂ ਹੀ ਨੀਮ ਪਾਗ਼ਲਾਂ ਵਾਂਗ ਰਾਜਾ ਸਾਲਵਾਹਨ ਰਾਤ ਭਰ ਟਿਕਵੀਂ ਨੀਂਦ ਨਹੀਂ ਸੌਂ ਸਕੇ, ਹੁਣ ਸਵੇਰ ਸਾਰ ਦਾ ਵੇਲਾ ਹੁੰਦਾ ਜਾਂਦਾ ਹੈ ਤੇ ਪਲ ਘੜੀ ਨੂੰ ਪਹੁ ਫੁਟਾਲਾ ਹੋਯਾ ਕਿ ਹੋਯਾ ਤੇ ਪੂਰਨ ਜਤੀ ਦੀ ਨਿਖੁੱਟੀ ਕਿਸਮਤ ਦਾ ਝਗੜਾ ਚਲਿਆ ਕਿ ਚਲਿਆ।