ਪੰਨਾ:ਪੂਰਬ ਅਤੇ ਪੱਛਮ.pdf/193

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ਸੱਤਵਾਂ

ਸਮਾਜਕ ਜ਼ਿੰਦਗੀ

ਪਿਛਲੇ ਕਾਂਡ ਵਿਚ ਅਸੀਂ ਪੂਰਬ ਅਤੇ ਪੱਛਮ ਵਿਚ ਆਮ-ਪ੍ਰਵਿਰਤ ਘਰੋਗੀ ਜ਼ਿੰਦਗੀ ਤੇ ਨਜ਼ਰ ਮਾਰ ਚੁਕੇ ਹਾਂ। ਇਸ ਕਾਂਡ ਵਿਚ ਇਨ੍ਹਾਂ ਦੀ ਸਮਾਜਕ ਜ਼ਿੰਦਗੀ ਤੇ ਵਿਚਾਰ ਕਰਾਂਗੇ, ਕਿਉਂਕਿ ਮਨੁਖਾ ਜੀਵਨ ਵਿਚ ਸਮਾਜਕ ਜ਼ਿੰਦਗੀ ਦਾ ਪਹਿਲੂ ਭੀ ਖਾਸ ਅਹਿਮੀਅਤ ਰਖਦਾ ਹੈ। ਆਦਮੀ ਦੀ ਸਮੁਚੀ ਜ਼ਿੰਦਗੀ ਨੂੰ ਚੰਗਾ ਜਾਂ ਬੁਰਾ ਬਨਾਉਣਾ ਅਤੇ ਉੱਚਾ ਲੈ ਜਾਣਾਂ ਜਾਂ ਥਲੇ ਸੁਟ ਦੇਣਾ ਸਮਾਜ ਤੇ ਹੀ ਨਿਰਭਰ ਹੈ। ਚੰਗੇ ਸਮਾਜਕ ਰਿਵਾਜ, ਉਤਮ ਸਮਾਜਕ ਰਵਾਇਤਾਂ ਤੇ ਪਵਿਤ੍ਰ ਸਮਾਜਕ ਆਦਰਸ਼ ਆਦਮੀ ਦੀ ਜ਼ਿੰਦਗੀ ਨੂੰ ਉਚੇਰਾ ਕਰਕੇ ਇਸ ਨੂੰ ਦੇਵਤਾ ਰੂਪ ਬਣਾ ਦਿੰਦੇ ਹਨ ਅਤੇ ਇਨ੍ਹਾਂ ਦੀ ਅਣਹੋਂਦ ਇਸਨੂੰ ਰਾਕਸ਼ ਬਣਾ ਦੇਂਦੀ ਹੈ। ਤਾਂ ਤੇ ਇਸ ਵਿਸ਼ੇ ਤੇ ਵਿਚਾਰ ਕਰਨਾ ਸਾਡੇ ਲਈ ਲਾਭਵੰਦਾ ਹੀ ਹੋਵੇਗਾ।

੧-ਸੁਸਾਇਟੀ ਦੀ ਸਮਾਜਕ ਵੰਡ

ਪੂਰਬ ਅਤੇ ਪੱਛਮ ਵਿਚ ਸੁਸਾਇਟੀ ਭਿੰਨ ਭਿੰਨ ਭਾਗਾਂ ਵਿਚ ਵੰਡੀ ਹੋਈ ਹੈ। ਸਾਡੇ ਮੁਲਕ ਵਿਚ ਸੁਸਾਇਟੀ ਦੀ ਇਹ ਵੰਡ ਬਹੁਤ ਪ੍ਰਾਚੀਨ ਸਮੇਂ ਤੋਂ ਚਲੀ ਆਉਂਦੀ ਹੈ ਅਤੇ ਪੱਛਮੀ ਦੇਸਾਂ ਵਿਚ ਇਹ ਵੰਡ ਸਮੇਂ ਸਮੇਂ ਅਨੁਸਾਰ ਬਦਲਦੀ ਰਹੀ ਹੈ। ਸਾਰੇ ਦੇਸਾਂ ਵਿਚ ਅਜੇਹੀ