ਪੰਨਾ:ਪੂਰਬ ਅਤੇ ਪੱਛਮ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੬

ਪੂਰਬ ਅਤੇ ਪੱਛਮ

ਦੇਸ ਵਿਚ ਜੇਕਰ ਮੀਂਹ ਦੀ ਲੋੜ ਪਈ ਤਾਂ ਇੰਦਰ ਦੇਵ ਦੀ ਪੂਜਾ ਕੀਤੀ, ਜੇਕਰ ਅੱਗ ਜਲਾਉਣੀ ਹੈ ਤਾਂ ਅਗਨੀ ਦੇਵਤਾ ਨੂੰ ਧਿਆਇਆ ਅਤੇ ਜੇਕਰ ਧੁੱਪ ਦੀ ਲੋੜ ਹੈ ਤਾਂ ਸੂਰਜ ਅਗੇ ਹੱਥ ਜੋੜੇ ਕਿ ਮਹਾਰਾਜ ਜੀ ਛੇਤੀ ਉਦੇ ਹੋਵੋ ਤੇ ਸਾਨੂੰ ਧੁੱਪ ਬਖਸ਼ ਕੇ ਗਰਮ ਕਰੋ। ਇਸੇ ਤਰਾਂ ਦੂਸਰੇ ਮੁਲਕਾਂ ਦੇ ਵਸਨੀਕਾਂ ਦਾ ਹਾਲ ਹੈ। ਈਰਾਨ ਵਿਚ ਅਗਨੀ ਦੇਵਤਾ ਦੀ ਪੂਜਾ ਬਹੁਤ ਹੁੰਦੀ ਰਹੀ ਹੈ ਤੇ ਹੁਣ ਭੀ ਹੁੰਦੀ ਹੈ। ਯੂਨਾਨ ਤੇ ਰੂੰਮ ਵਿਚ ਲੋਕਾਂ ਨੇ ਆਪਣੇ ਹਰ ਇਕ ਕੰਮ ਲਈ ਵਖੋ ਵਖਰਾ ਦੇਵਤਾ (god) ਮੰਨਿਆ ਹੋਇਆ ਸੀ ਤਾਂਤੇ ਜੇਕਰ ਇਕ ਦੇਵਤਾ ਉਨ੍ਹਾਂ ਦੇ ਘਰ ਰਾਖੀ ਕਰਦਾ ਹੈ ਤਾਂ ਦੂਸਰਾ ਇੱਜੜ ਮਗਰ ਫਿਰਦਾ ਹੈ। ਤੀਸਰਾ ਉਨ੍ਹਾਂ ਦੀ ਉੱਗਦੀ ਖੇਤੀ ਦੀ ਖਬਰਦਾਰੀ ਰੱਖਦਾ ਹੈ ਅਤੇ ਚੌਥਾ ਖੇਤੀ ਪੱਕਣ ਵੇਲੇ ਆਪਣੀ ਡਿਊਟੀ ਤੇ ਜਾਂਦਾ ਹੈ। ਅਜੇਹੇ ਅਨੇਕਾਂ ਦੇਵਤਿਆਂ ਦਾ ਹਰ ਇਕ ਪਿੰਡ ਵਿਚ ਇਕ ਵੱਡਾ ਸਰਦਾਰ ਦੇਵਤਾ ਹੈ ਅਤੇ ਸਾਰੇ ਪੇਂਡੂ ਸਰਦਾਰ ਦੇਵਤਿਆਂ ਦੇ ਉਪਰ ਦੀ ਇਕ ਸਭ ਤੋਂ ਵੱਡਾ ਕੌਮੀ ਦੇਵਤਾ ਹੈ ਜਿਸ ਦੀ ਤਾਕਤ ਸਭ ਦੇ ਉਤੋਂ ਦੀ ਹੈ ਅਤੇ ਇਸ ਲਈ ਉਹ ਵਾਹਿਗੁਰੂ ਹੈ।

ਪ੍ਰਾਚੀਨ ਲੋਕਾਂ ਦਾ ਇਤਹਾਸ ਬਹੁਤ ਦੇਰ ਤਕ ਪੁਸ਼ਤ ਦਰ ਪੁਸ਼ਤ ਜ਼ਬਾਨੀ ਚਲਾ ਆਇਆ ਜਦ ਤਕ ਕਿ ਲਿਖਣ ਦੀ ਯੁਕਤੀ ਦੀ ਕਾਢ ਨ ਕੱਢੀ ਗਈ। ਲਿਖਾਈ ਦਾ ਕੰਮ ਅਰੰਭ ਹੋਣ ਤੇ ਇਸ ਇਤਹਾਸ ਨੂੰ ਲਿਖਤ ਵਿਚ ਲਿਆਂਦਾ ਗਿਆ।