ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਲਿਖਿਆ ਹੈ
ਇਟਲੀ ਦੇ ਸ਼ਹਿਰ ਰੋਮ ਵਿਚ ਸ਼ਾਇਰ ਜੌਨ ਕੀਟਸ (1795-1821) ਦੀ ਕਬਰ 'ਤੇ ਲਿਖਿਆ ਹੈ:
Here lies one whose Name was Writ in Water.
ਸਭ ਕੁਝ ਦਾਯਮ-ਕਾਯਮ
ਜਿੰਨਾ ਚਿਕਰ ਰਹਿਣੀ ਚਸ਼ਮ-ਏ-ਨਮ
ਓਨਾ ਚਿਕਰ ਪਾਣੀ ਉੱਤੇ ਕਾਗ਼ਜ਼ ਉੱਤੇ
ਲਿਖਿਆ ਰਹਿਣਾ ਉਸ ਦਾ ਨਾਮ
ਪੜ੍ਹਨ ਪਰਿੰਦੇ
ਬੱਦਲਾਂ ਦੀ ਉਡਦੀ ਧਰਤੀ ਉੱਤੇ ਛਾਂ
ਉਸ ਤੋਂ ਗੂੜਾ
ਮਿੱਟੀ ਉੱਤੇ ਹਵਾ ਦੇ ਉੱਤੇ ਪਿੰਡੇ ਉੱਤੇ
ਉਂਗਲ਼ ਲਿਖਦੀ ਯਾਰ ਸੱਜਣ ਦਾ ਨਾਂ
ਸਾਗਰ ਦੀ ਛੱਲ ਧਾ ਕੇ ਆਂਦੀ
ਰੇਤ 'ਤੇ ਪੜ੍ਹਦੀ ਲਿਖਿਆ ਅਪਣਾ ਨਾਵਾਂ
ਆਦਿ-ਜੁਗਾਦੀ
ਪੱਤੇ ਉੱਤੇ ਪੱਤੇ ਦਾ
ਕਾਗ਼ਜ਼ ਉਪਰ ਕਾਨੀ ਦਾ
ਸ਼ਾਂਤ ਸਰੋਵਰ ਅੰਦਰ ਹਰਿਮੰਦਰ ਦਾ ਪਰਛਾਵਾਂ