ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਲੰਗਰ
ਲੰਗਰ ਪੱਕ ਰਿਹਾ ਹੈ
ਹਰ ਮਾਈ ਭਾਈ ਆਹਰੇ ਲੱਗਾ ਹੋਇਆ ਹੈ
ਕੋਈ ਸੁਪਨੇ ਲੈਂਦਾ ਹੈ
ਕੋਈ ਚਿੰਤਾ ਦੀ ਲੱਕੜੀ ਅੱਗ ਚ ਡਾਹੁੰਦਾ ਹੈ
ਲੋਹ 'ਤੋਂ ਮੁੰਡੇ ਲਾਹੁੰਦੀ ਬੀਬੀ ਹੋਰ ਬੀਬੀ ਲਗ ਰਹੀ ਹੈ
ਹਰ ਕੋਈ ਮੋਹ ਤੋਂ ਮੁਕਤ ਹੋ ਰਿਹਾ ਹੈ
ਰਿਜ਼ਕ ਪ੍ਰਸ਼ਾਦ ਬਣ ਰਿਹਾ ਹੈ
ਦਸਾਂ ਨਹੁੰਆਂ ਦੇ ਕਿਰਤੀ ਧਿਆਉਂਦੇ ਹਨ
ਭਾਈ ਲਾਲੋ ਦਾ ਨਾਂ
ਬਾਬੇ ਦਾ ਨਾਂ
ਰੋਟੀ ਚੋਂ ਦੁੱਧ ਨੁੱਚੜ ਰਿਹਾ ਹੈ
ਲੰਗਰ ਪੱਕ ਰਿਹਾ ਹੈ
ਨਾਨਕੀ ਨੂੰ ਭਰਾ ਦੀ ਉਡੀਕ ਹੈ
ਹਰ ਕਿਸੇ ਨੂੰ ਕਿਸੇ ਦੀ ਉਡੀਕ ਹੈ
ਉਡੀਕ ਮੁੱਕ ਰਹੀ ਹੈ
ਸਾਰੇ ਰਲ਼ ਕੇ ਪ੍ਰਸ਼ਾਦੇ ਛਕਣਗੇ
ਸੁਪਨਿਆਂ ਨੂੰ ਭੋਗ ਲਾਉਣਗੇ
ਲੰਗਰ ਪੱਕ ਰਿਹਾ ਹੈ
ਗੁਰੂ ਕਾ ਅਤੁੱਟ ਲੰਗਰ ਵਰਤ ਰਿਹਾ ਹੈ