ਪੰਨਾ:ਪ੍ਰੀਤਮ ਛੋਹ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਵ੍ਯ ਕੀ ਏ?

ਸਾਰੀਆਂ ਕਿਤਾਬਾਂ ਫੋਲ ਮਾਰੀਆਂ, ਉਤ੍ਰ ਬੇਥਵਾ। ਪ੍ਰਭਾਤੇ ਉਠ ਬਾਗ ਵਿਚ ਗਿਆ, ਫੁੱਲ ਰਾਤ ਦਾ ਉਨੀਂਦਰਾ ਲਾਹ, ਤ੍ਰੇਲ ਦੇ ਪਾਣੀ ਨਾਲ ਇਸ਼ਨਾਨ ਕਰ ਆਪਣੇ ਰੰਗ ਬਰੰਗੇ ਬਸਤ੍ਰਾਂ ਦੇ ਬਨਾਉ ਸੰਗਾਰ ਵਿਚ ਰੁਝੇ ਸਨ। ਅਸਾਂ ਜਾਤਾ, ਇਨ੍ਹਾਂ ਨੂੰ ਅਜੇ ਵੇਹਲ ਨਹੀਂ,ਰਤੀ ਠਹਿਰਕੇ ਪੁੱਛਾਂਗੇ। ਉਡਾਰੀ ਲਾ ਪ੍ਰਭਾਤ ਵਲ ਦੌੜੇ, ਦੂਰੋਂ ਈ ਨੂਰ ਤੇ ਸੁੰਦ੍ਰਤਾ ਭਾਸਦੀ ਸੀ। ਨੇੜੇ ਪੁਜੇ, ਅੱਖਾਂ ਤੇਜ ਝੱਲਣੋਂ ਬੱਸ, ਬੰਦ! ਅੱਖਾਂ ਤੇ ਹੱਥ ਦੇ, ਦੂਰੋਂ ਈ ਵੱਟਾ ਮਾਰਿਆ, ਬੀਬੀ ਪ੍ਰਭਾਤੇ ਦੱਸ "ਕਾਵ੍ਯ ਕੀ ਏ?" ਪਰ ਉਸ ਤੇਜ ਮਤੀ ਨੇ ਬੀ ਚੁੱਪ ਈ ਵੱਟੀ। ਫੇਰ ਜ਼ਿਮੀਂ ਵਲ ਨਜ਼ਰ ਮਾਰੀ ਤਾਂ ਫੁੱਲਾਂ ਨੂੰ ਪੂਰੇ ਜੋਬਨ ਵਿਚ ਹਸਦਿਆਂ ਤੇ ਵਾਉ ਨਾਲ ਖੇਡ ਮਚਾਈ ਵੇਖਿਆ। ਮੈਂ ਸੋਚਿਆ ਹੁਣ ਸਵਾਲ ਹੱਲ ਹੋਸੀ। ਗੁਲਾਬ ਕੋਲ ਪੁੱਜਾ। ਸਿਰ ਨਿਵਾ ਪੁਛਿਆ:-

'ਹੇ ਫੁਲਾਂ ਦੇ ਬਾਦਸ਼ਾਹ! ਹੇ ਦਿਲਦਾਰਾਂ ਦੇ ਦਿਲ ਹਰਣ ਵਾਲੇ, ਹੇ ਪ੍ਰਭਾਤ ਦੀ ਸ਼ੋਭਾ ਖੋਹਣ ਵਾਲੇ, ਦਸ ਤਾਂ ਸਹੀ, "ਕਾਵ੍ਯ ਕੀ ਏ?" ਅੱਗੋਂ ਗੁਲਾਬ ਨੇ ਕੰਡੇ ਦੀ ਤਲਵਾਰ ਤੇ ਹਥ ਰਖ, ਅੱਖਾਂ ਲਾਲ ਕਰ ਦੇਖਿਆ। ਮੈਂ ਡਰ ਕੇ ਪਰੇ ਹਟ ਗਿਆ। ਪਿਛਲੇ ਪਾਸੇ ਚੰਬੇ ਤੇ ਮੋਤੀਏ ਦੀਆਂ ਕਲੀਆਂ, ਆਪਸ ਵਿਚ ਗੋਂਦਾਂ ਗੁੰਦਦੀਆਂ ਸਨ,ਕਿਸੇ ਸੋਹਣਿਆਂ ਦੇ ਗਲ ਮਿਲਣ ਦਾ ਆਹਰ ਪਾਹਰ ਕਰਦੀਆਂ