ਪੰਨਾ:ਪ੍ਰੀਤਮ ਛੋਹ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਲੀ ੨

ਰਾਂਝਨ ਯਾਰ ਕੋਲ ਨਹੀਂ ਮੇਰੇ, ਮੈਂ ਹੋਲੀ ਭਾ ਲਾਵਾਂ।
ਲੋਕੀ ਮਿਲ ਮਿਲ ਰੰਗ ਉਡਾਵਨ, ਮੈਂ ਖੇਹ ਲੈ ਸਿਰ ਪਾਵਾਂ।
ਚਾਕ ਸਾਡੇ ਚਕ ਲਈ ਮੁਹਾਰ, ਵਾਂਗ ਮੱਝੀ ਅਰੜਾਵਾਂ।
ਹੁਣ ਬੇਲਾ ਉਹ ਖਾਣ ਨੂੰ ਆਵੇ, ਡਰਦੀ ਪੈਰ ਨਾਂ ਪਾਵਾਂ।

ਨੀ ਕੋਈ ਜਾਵੋ ਮੋੜ ਲਿਆਵੋ, ਬਿਨ ਮਾਹੀ ਮਰ ਜਾਵਾਂ।
ਜਿਸ ਖੇੜੇ ਮੇਰੇ ਚਾਕ ਨਿਖੇੜੇ, ਬਾਲ ਮੁਆਤਾ ਲਾਵਾਂ।
ਆ ਮਿਲ ਰਾਂਝਨ, ਸਜਨਾ ਓ, ਵਤ ਨਾਂ ਰੀਤ ਭੁਲਾਵਾਂ।
ਦੋਸ ਨਿਮਾਨੀ ਕੋਈ ਨਾਂ ਕੀਤਾ, ਏਹ ਕਿਸਦਾ ਫਲ ਪਾਵਾਂ।

ਤੈਨੂੰ ਆਖ ਰਹੀ,ਨਾਂ ਮੰਨੀ ਚਾਕਾ, ਹੁਣ ਮੈਂ ਖਾਕ ਉਡਾਵਾਂ।
ਜੇ ਜਾਣਾ ਤੂੰ ਨੇਹੁੰ ਭੁਲਾਈ, ਆ ਦਸ, ਮੈਂ ਮਰ ਜਾਵਾਂ।
ਜੇ ਮੈਂ ਨਾਲ ਵਿਛੋੜੇ ਮਾਰੇਂ, ਬਿਨ ਕੋਹਿਆਂ ਮਰ ਜਾਵਾਂ।
ਏਹ ਸਿਰ ਗਲੀ ਤੇਰੀ ਘਲ ਦੇਸਾਂ, ਤੇ ਖੂਨੀ ਰੰਗ ਉਡਾਵਾਂ।
ਹੋਲੀ ਲਾਲ ਗੁਲਾਲੀ ਖੇਡਾਂ, ਨੈਨੀ ਦਰਸ ਕਰਾਵਾਂ॥

੧੦੪