ਪੰਨਾ:ਪ੍ਰੀਤਮ ਛੋਹ.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਹੋਲੀ ੩

ਲੋਕ ਕਹਿਨ ਹੁਣ ਹੋਲੀ ਆਈ, ਰੰਗ ਉਡਾਵਨ ਹੋਲੀ ਰੇ।
ਜੋ ਨਹੀਂ ਪ੍ਰੇਮ ਰੰਗਣ ਵਿਚ ਰੱਤਾ,ਉਸਦੀ ਹੋਲੀ ਹੋਲੀ ਰੇ।
ਰਚਨਾਂਦੇ ਵਿਚ ਜੋਬਨ ਆਇਆ,ਫੁਟ ਫੁਟ ਲਹਿਰਾਂ ਮਾਰੇ ਰੇ।
ਆਨ ਮਿਲੇ ਕੋਈ ਪਿਆਰਾ ਸਜਨ,ਪਲ ੨ ਏਹੀ ਚਿਤਾਰੇ ਰੇ।

ਖੇਹ ਉਡਾਵੇ ਰੰਗ ਗੁਲਾਲੀ, ਮਨ ਵਿਚ ਚੈਨ ਨਾ ਆਵੇ ਵੇ।
ਪ੍ਰੀਤਮ ਦਾ ਮੁੱਖ ਵੇਖ ਲਏ ਜੇ, ਉਛਲੇ ਨੀਰ ਠਰਾਵੇ ਵੇ।
ਜਗ ਵਿਚ ਹੋਲੀ ਹੋਲੀ ਹੁੰਦੀ, ਯਾਰਾਂ ਦੇ ਘਰ ਹੋਲੇ ਵੇ।
ਜੇਕਰ ਪਿਆਰਾ ਹਸ ਬੁਲਾਵੇ, ਤਾਂ ਹੋਲੀ ਨਹੀਂ ਬੋਲੇ ਵੇ।

ਪੁਸ਼ਪ ਖਿਲਾਰਨ ਰੰਗ ਉਡਾਵਨ,ਤਾਹੀਂ ਏਹ ਮਨ ਭਾਵਨ ਰੇ।
ਜਿਸਦੀ ਲਗਨ ਲਗੀ ਮਨ ਅੰਦਰ,ਇਕ ਛਿਨ ਮੁਖ ਦਿਖਾਵਨ ਰੇ।
ਔਹ ਲੌ ਪ੍ਯਾਰਾ ਆਇਆ ਸਜਨ, ਮੂੰਹ ਤੇ ਪਈ ਗੁਲਾਲੀ ਵੇ।
ਸੂਰਜ ਚੜ੍ਹਿਆ ਪੂਰਬ ਵਲੋਂ, ਮੂੰਹ ਤੇ ਫਬਦੀ ਲਾਲੀ ਵੇ।

ਲਟਕ ਮਟਕ ਕੇ ਚਾਲ ਚਲੰਦੇ, ਬਸਤਰ ਰੰਗ ਰੰਗੀਲੇ ਨੀ।
ਖਿੜਿਆ ਬਾਗ਼ ਜੁਵਾਨੀ ਵਾਲਾ, ਸੋਹਨੇ ਫੁਲ ਸਜੀਲੇ ਨੀ।
ਕਾਲੇ ਕੇਸ ਖੁਲੇ ਹੁਣ ਮੁਖ ਤੇ, ਅਲਤੇ ਰੰਗ ਸਿੰਗਾਰੇ ਨੀ।
ਪਹੁ ਫੁਟੀ ਹੁਣ ਰਾਤ ਜੁਲੇਸੀ, ਲਾਲੀ ਦੇ ਲਸ਼ਕਾਰੇ ਨੀ।

੧੦੫