ਪੰਨਾ:ਪ੍ਰੀਤਮ ਛੋਹ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਸ ਕੀ ਪੁੱਛਣਾਂ ਏਂ?

ਮੈਂ-ਦੇਵੀ! ਮੈਨੂੰ ਹੈਰਾਨੀ ਇਸ ਗਲ ਦੀ ਏ, ਕਿ ਏਹ ਸੁੰਦਰ ਬਾਲਕ ਤੇਰੀ ਵਲ ਤੱਕ ਤੱਕ ਮੁਸਕ੍ਰਾਂਦਾ, ਤੇ ਫੇਰ ਤੂੰ ਹੰਝੂ ਕਿਉਂ ਕੇਰਣੀ ਏਂ?

ਤ੍ਰੀਮਤ-ਵੀਰਾ! ਇਸ ਮੇਰੇ ਜਿਗਰ ਦੇ ਟੁਕੜੇ ਦੀ ਮੁਸਕ੍ਰਾਹਟ ਈ ਮੇਰੇ ਬਿਰਹਾਂ ਕੁਠੇ ਜੀਉ ਤੇ ਬਿਜਲੀ ਦਾ ਕੰਮ ਕਰਦੀ ਏ। ਇਸਦੇ ਪ੍ਰਦੇਸ ਗਏ ਪਿਤਾ ਦੀ ਯਾਦ ਤੇ ਖਿਚ ਜੀਉ ਨੂੰ ਤਪਾਂਦੀ ਏ। ਜੁਦਾਈ ਤੇ ਵਿਛੋੜੇ ਦੀ ਅੱਗ ਮੇਰੇ ਜਿਗਰ ਦੇ ਲਹੂ ਨੂੰ ਹਵਾੜ ਬਣਾ, ਅੱਖਾਂ ਦੇ ਅਰਕ-ਕਸ਼ ਵਿਚੋਂ ਗੁਜ਼ਾਰ,ਇਹ ਹੰਝੂਆਂ ਦੀ ਬਰਸਾਤ ਲਾਉਂਦੀ ਏ। ਵੀਰਾ! ਤੂੰ ਨਾਂ ਪੁੱਛ, ਇਹ ਇਲਾਹੀ ਖਿਚ ਹੈ, ਪਿਆਰ ਤੇ ਬਿਰਹਾਂ ਦੀ ਖੇਡ ਤੇ ਸਮੇਂ ਦੇ ਥਾਨ ਦਾ ਪ੍ਰਭਾਵ, ਇਹ ਸਭ ਚੀਜ਼ਾਂ ਰਲਕੇ ਮੇਰੇ ਦਿਲ ਨੂੰ ਮੇਰੇ ਕਾਬੂ ਵਿਚੋਂ ਕਢ ਲੈਂਦੀਆਂ ਨੇ,। ਉਹ ਉਡਾਰੀ ਮਾਰ ਪਿਆਰੇ ਦੇ ਪਿਛੇ ਜਾਂਦਾ ਏ। ਆਪੇ ਉਸਾਰਦਾ, ਆਪੇ ਢੌਂਦਾ ਏ। ਇਸ ਬਚੜੇ ਦੇ ਖੇੜੇ ਨੇ ਹੀ ਤੇ ਮੈਨੂੰ ਜੀਉਂਦੀ ਰਖਿਆ। ਨਹੀਂ ਤਾਂ ਮੈਂ ਵੀ ਏਸੇ ਵਹਿਣ ਵਿਚ ਪਈ ਡਲ ਨਾਲ ਡਲ ਹੋ ਜਾਂਦੀ।

ਮੈਂ-ਸੱਤ ਹੈ!ਬ੍ਰਿਹੋਂ ਤੇ ਪਿਆਰ ਦੀ ਦੇਵੀ, ਸੱਤ! ਤੂੰ ਮੇਰੇ ਅੰਦਰਲੇ ਕਿਵਾੜ ਖੋਲ੍ਹ ਦਿਤੇ। ਹੁਣ ਸਭ ਰਚਨਾਂ ਮੈਨੂੰ ਅਚਰਜ ਤੇ ਸੋਹਣੀ ਭਾਸਨ ਲਗ ਪਈ। ਬੱਸ ਇਕ ਪ੍ਯਾਰ ਤੇ ਬਿਰਹਾਂ ਹੀ ਕੁੰਜੀ ਹੈ, ਦੇ ਜਿਦ੍ਹੇ ਨਾਲ ਰਚਨਾਂ ਦੇ ਖਜ਼ਾਨੇ ਦਾ ਦਰ ਖੁੱਲ੍ਹਦਾ ਹੈ।