ਪੰਨਾ:ਪ੍ਰੀਤਮ ਛੋਹ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਲੀ ਦੀ ਬੇਕਲੀ

ਨੀ ਗੋਰੀਏ! ਤੂੰ ਪਿਆਰ ਪਾਕੇ, ਸੀ ਅਸਾਂ ਗਲ ਲਾਇਆ!
ਨੀ, ਰੈਨ ਸਾਰੀ ਸੇਜ ਉਤੇ, ਮਲ ਮਲਾ ਹੰਢਾਇਆ!
ਆਬ ਜੋਬਨ ਲੁਟ ਸਾਡਾ, ਕਿਉਂ ਪਰੇ ਸਟਵਾਇਆ?
ਇਕ ਜਿੰਦੜੀ ਸੀ, ਵਾਰੀ ਤੈਥੋਂ, ਏਹ ਨਫਾ ਦਿਲਵਾਇਆ?

ਭੋਲੀਏ ਨੀ, ਗੋਰੀਏ ਨੀ, ਦੇ ਵਿਛੋੜਾ ਮਾਰ ਨਾ!
ਇਸ਼ਕ ਰਤੀਏ, ਮੁਸ਼ਕ ਰਤੀ, ਮੁਸ਼ਕ ਦੀ ਤੈਂ ਸਾਰ ਨਾ!
ਬਾਗ਼ ਦੇ ਵਿਚ ਜੰਮੀਆਂ ਮੈਂ, ਵਾਉ ਦੇ ਨਾਲ ਖੇਡੀਆਂ!
ਮੁਸ਼ਕ ਤੋਂ ਹੀ ਕਦਰ ਹੋਈ, ਮੁਸ਼ਕ ਨੇ ਹੀ ਮਾਰੀਆਂ!

ਪਿਆਰ ਸਾਡਾ ਮੁਸ਼ਕ ਬਣਕੇ, ਵਿਚ ਜ਼ਮਾਨੇ ਖਿੰਡਿਆ!
ਬੁਲਬੁਲਾਂ ਵੀ ਤੇ ਮਨੁਖਾਂ, ਲੁਟ ਵਾਂਗੂ ਵੰਡਿਆ!
ਵੇਖ ਦੋ ਪਲ ਪਿਆਰ ਪਾਵਨ, ਹਿਕ ਲਾਵਣ ਪਿਆਰੀਆਂ!
ਜ਼ਾਲਮਾਂ, ਜਦ ਮੁਸ਼ਕ ਵਿਛੜੀ, ਤੋੜੀਆਂ ਸਭ ਯਾਰੀਆਂ!

ਜੇ ਪ੍ਰਾਹੁਨੀ ਦੋ ਘੜੀ ਦੀ, ਮੈਂ ਕਲੀ, ਨੀ ਗੋਰੀਏ!
ਰੂਪ ਤੇਰਾ ਦੋ ਦਿਨਾਂ ਦਾ, ਪਿਆਰ ਦੀ ਰਸ ਬੌਰੀਏ!
ਗੋਰੀਆਂ ਦਿਲ ਭਾਂਵਦੀ ਮੈਂ, ਗੋਰੀਆਂ, ਜੀ ਆਸ਼ਕਾਂ!
ਇਸ਼ਕ ਦੀ ਹੈ ਮੁਸ਼ਕ ਮੈਂ ਵਿਚ, ਇਸ਼ਕ ਦੀ ਤੂੰ ਲੋਰੀਏ!

੧੭