ਪੰਨਾ:ਪ੍ਰੀਤਮ ਛੋਹ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਮਾਂਚਲ ਦੀਆਂ ਨਿਘੀਆਂ ਬਰਫਾਂ

ਪਰੀ ਬਰਫ ਦੀ ਖੜੀ ਸ਼ਿਖਾ ਤੇ, ਰਾਹ ਪ੍ਰੀਤਮ ਦਾ ਤਕੇ।
ਸਿਰ ਲਾ ਪੈਰ ਸੁਪੈਦ ਨੂਰਾਨੀ, ਇਕ ਰੰਗ ਰਤੀ ਯਕੇ।
ਜੀ ਵਿਚ ਖੋਹ ਤਪਸ਼ ਦੀ ਭਾਸੇ, ਛੋਹ ਮਾਹੀ ਦੀ ਜਾਦੂ॥
ਭਾਂਬੜ ਨੂਰ ਤਪਸ਼ ਦੇ ਬਾਲੇ, ਕਿਰਨ ਸੂਰਜ ਗਲ ਲਗੇ॥
 
ਨੂਰੀ ਬਰਫ ਚੌਪਾਧੀ ਦਿਸੇ, ਬਰਫ ਨੂਰਾਨੀ ਵਗੇ॥
ਨਾ ਕੋ ਕਲੀਆਂ ਹਸਨ ਖੇਡਨ,(ਨ) ਬੁਲਬੁਲ ਰਾਗ ਅਲਾਪੇ।
ਨਾ ਕੋ ਲਾਟ ਬਿਨ੍ਹਾਂ 'ਚਿ ਸੜਦੀ, ਨਾ ਭੰਬੱਟ ਜਿੰਦ ਵਾਰੇ।
ਚੁਪ-ਸੰਗੀਤ ਅਜਬ ਸੁਰ ਛੇੜੀ, ਮਨ ਤੱਕੇ ਹੱਕੇ ਬੱਕੇ॥

ਠੰਡ ਠੰਡ ਏ ਠੰਡ ਇਲਾਹੀ, ਤਪਸ਼ ਪੀਤ ਵਿਚ ਇਸਦੇ।
ਹੋਵੇ ਨਾਚ ਸ਼ਿਵਾਂ ਦਾ ਭਾਂਵੇ, ਧੀ* ਹਿਮਾਂਚਲ ਨਾਲੇ।
ਸੁੰਨ ਸਮਾਧੀ ਧੌਲੀ ਧਾਰੋ! ਮਸਤ ਰਾਗ ਦੀ ਮੋਹੀਆਂ।
ਮੈਂ ਵੀ ਨਾਲ ਤੁਸਾਡੇ ਰਲਸਾਂ, ਜੋ ਸੁਰ ਮਾਹੀ ਖਿਚੇ॥
 
ਜੇ ਇਕ ਕਿਰਨ ਸੂਰਜ ਦੀ ਅੜੀਓ,ਸ਼ਿਖਾ ਤਾਂਈ ਛੋਹ ਜਾਵੇ।
ਭਖ ਭਖ ਪਿੰਡਾ ਸੋਨਾ ਚਮਕੇ, ਠੰਡ ਵਿਛੋੜਾ ਜਾਵੇ।
ਜੀ ਵਿਚ ਨਿੱਘ ਪ੍ਰੇਮ ਦਾ ਆਵੇ, ਨੈਨੀਂ ਨੀਰ ਵਗਾਵੇ।
ਜੇ ਪ੍ਰੀਤਮ ਛੋਹ ਜਾਵੇ,ਕਿਉਂ ਨਾ, ਨਿਹੁੰ ਏ ਅਰਸ਼ ਪੁਚਾਵੇ॥



* ਹਮਾਂਚਲ ਦੀ ਧੀ ਸਤੀ ਸ਼ਿਵ ਜੀ ਦੀ ਸੁਪਤਨੀ ਸੀ

२०