ਪੰਨਾ:ਪ੍ਰੀਤਮ ਛੋਹ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੀਂਹ ਤੇ ਭੁਆਰ ਬਾਗ ਦੀ ਬਹਾਰ

ਮੀਂਹ ਵਸੇ ਤਾਂ ਜਗ ਵਸੇ, ਸੋਹਣੇ ਫੁਲ ਸੁਹਾਣ,
ਫੂਹੀਆਂ ਏਹ ਠੰਡਿਆਲੀਆਂ, ਤਪਦੇ ਠੰਢ ਪੁਵਾਣ।
ਵਿਚ ਵਿਛੋੜੇ ਕਾਮਣਾ, ਨੈਣੀ, ਝੜੀ ਲਵਾਣ,
ਪੀ ਪ੍ਰ੍ਦੇਸੀ, ਵੇਖ ਝੜ, ਬਿਰਹਾਂ ਅਗਨ ਤਪਾਣ॥੧॥

ਹਸ ਭੁਆਰੇ ਠੰਢੀਏ, ਮੋਤੀ ਨਾਂਹੀ ਖਲੇਰ,
ਮੈ ਨੈਣੀ ਛਹਿਬਰ ਲਾਇਆ, ਝੋਲੀ ਮੋਤੀ ਢੇਰ।
ਕਲੀਏ ਨੀ ਰਸ ਭਿੰਨੀਏਂ, ਹਰੇ ਨਾ ਜ਼ਖ਼ਮ ਉਚੇੜ,
ਪੀ ਪ੍ਰਦੇਸ,ਨਾ ਭਾਂਵਦੇ,ਕੋਇਲੇ! ਬੋਲ-ਸਵੇਰ॥੨॥

ਤੂੰ ਵਸੀਂ ਵਸੀਂ ਮੇਘਲੇ, ਜੀ ਵਸ ਵਸ ਜੀ ਵਸਾ,
ਪੀ ਘਰ ਆਇਆ, ਖੋਲ੍ਹ ਅਖ,ਹਸ ਤਕ ਕਲੀ ਜ਼ਰਾ।
ਤੁਠਾ ਪੀ, ਗਲ ਲਾ ਲਈ, ਦਿਤੀ ਸੂ ਤਪਸ਼ ਗਵਾ,
ਪੀ ਰਸ ਬੂੰਦ ਸੁਹਾਵਨੀ, ਸਾਵਨ ਪੀਆ ਰਿਝਾ।੩।

ਓ ਬਦਲਯਾਰਾ! ਵਸ ਤੂੰ, ਤੇ ਜਗ ਵਿਚ ਠੰਢ ਪਵਾ,
ਹੋਸੀ ਸਾਡੀ ਪਿਆਰੜੀ, ਉਸ ਵਲ ਜਾਂਈ ਜ਼ਰਾ।
ਆਖੀਂ ਅਥਰ ਕੇਰਕੇ, ਸੋਹਣੀ ਨੂੰ ਭਰਮਾ,
ਤੈਂ ਵਿਛੋੜੇ ਤਪ ਰਹੇ, ਹਸ ਵਸ ਕੇ ਠੰਢ ਪਾ॥੪॥

२२