ਪੰਨਾ:ਪ੍ਰੀਤਮ ਛੋਹ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੰਨ ਵਲ

ਰੋਜ਼ ਰੋਜ਼ ਤੂੰ ਚੰਨਾ ਚੜ੍ਹਦਾ,
ਮਨ ਮੇਰੇ ਨੂੰ ਖਸਦਾ।
ਕੀ ਜਾਣਾ ਏਹ ਖਿਚ ਇਲਾਹੀ,
ਨੂਰ ਤੇਰਾ ਮਨ ਵਸਦਾ।
ਪੂਰਨ ਚੰਨ ਲੁਭਾਏ ਜੀ ਨੂੰ,
ਇਹ ਸੋਹਣਾ ਜੀ ਧਸਦਾ।
ਨਿਸ ਕਾਲੀ ਜਿਉਂ ਦੂਰ ਕਰਾਵੇ,
ਤਿੰਵ ਮਨ ਚਾਨਣ ਦਸਦਾ॥

ਪ੍ਰੇਮ ਵਟਾਈ ਸੂਰਤ, ਲੋਕੋ,
ਹੁਣ ਚੜ ਅਗਾਸੀਂ ਹੱਸਦਾ।
ਸਦਦਾ ਕੋਲ ਉਲਾਰ ਬਾਵਾਂ ਨੂੰ,
ਕਿਰਨੀਂ ਲੂੰ ਲੂੰ ਰਸਦਾ।
ਵੇ ਚੰਨਾ! ਮੈਂ ਸੁਰਤ ਭੁਲਾਈ,
ਵੇਖ ਚਕੋਰ ਵੀ ਹੱਸਦਾ।
ਤਕ ਤਕ ਵੇ ਮੈਂ, ਮੈਂ ਗਵਾਈ,
ਨੂਰ ਨੂਰਾਂ ਵਿਚ ਵਸਦਾ॥

੪੮