ਪੰਨਾ:ਪ੍ਰੀਤਮ ਛੋਹ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੀ ਪ੍ਰੀਤ ਤੇ ਸੋਹਣਿਆਂ ਜੀ ਵਸੇ,
ਰਾਤੀਂ ਝੀਥੜਾਂ ਤਾਈਂ ਤਕਾਵਨਾਂ ਏ।
ਅਖ ਪਰਤ ਕੇ ਵੇਖਦੀ ਵਿਚ ਨੀਂਦਰ,
ਛੇਕ ਛਾਕ ਥੀਂ ਅੱਖ ਮਰਾਵਨਾਂ ਏ।
ਚੋਰੀ ਝਾਕਦਾ ਵਿਚ ਚੁਬਾਰਿਆਂ ਦੇ,
ਖੜੀ ਸਾਮਨੇ ਕਿਉਂ ਸ਼ਰਮਾਵਨਾਂ ਏ?
ਮੈਨੂੰ ਸਮਝ ਨਾਂ ਜਾਤ ਪਰਾਈ ਅੜਿਆ,
ਇਕ ਅੰਸ ਸਾਡੀ,ਕਿਉਂ ਝਕਾਵਨਾਂ ਏ?੩॥

ਜੇਹੜੀ ਧਰਤ ਤੋਂ ਤੂੰ ਲੈ ਜੰਮਿਆ ਸੈਂ,
ਓਸੇ ਧਰਤ ਨੇ ਮੈਂ ਵੀ ਪਾਲਿਆ ਵੇ।
ਜੇਹੜੀ ਅਸਲ ਤੇਰੀ ਉਹੀ ਨਸਲ ਮੇਰੀ,
ਇਕੋ ਅਸਲ ਦੋ ਰੂਪ ਵਿਖਾਲਿਆ ਵੇ।
ਲੈ ਤੂੰ ਦਸ ਮੈਨੂੰ ਕਿਥੇ ਨਸ ਜਾਸੈਂ,
ਮੇਰੇ ਜੀ ਕੋਲੋਂ, ਜੀ ਵਾਲਿਆ ਵੇ?
ਤੇਰੀ ਚਾਂਨਣੀ ਤੋਂ ਵਧ ਖਿੰਡਸਾਂ ਮੈਂ,
ਬੁਕਲ ਵਿਚ ਨਾਂ ਲਭਸੈਂ ਭਾਲਿਆ ਵੇ॥੪॥

ਜੇਹੜੀ ਚਾਨਣੀ ਚੰਨਾ ਤੂੰ ਮਾਨ ਕਰਦਾ,
ਮੰਗ ਪਿਨ ਕੇ ਅਸਾਂ ਵਿਖਾਵਨਾਂ ਏ।
ਲਗੀ ਭਾ ਪ੍ਰੇਮ ਦੀ, ਬਲੇ ਭਾਂਵੜ,
ਓਸੇ ਲੋ ਤੋਂ ਲੋ, ਲੈ ਪਾਵਨਾ ਏ।

੫੦