ਪੰਨਾ:ਪ੍ਰੀਤਮ ਛੋਹ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੀਤਮ ਵਲ

ਮਾਲਾ ਫੇਰਦੀ ਮੈਂ ਤੇਰੀ ਯਾਦ ਅੰਦਰ,
ਮਤਾ ਰੁਠੜੇ ਯਾਰ, ਤੂੰ ਆਏਂ ਮਨ ਕੇ।
ਰਾਤੀ ਹੰਝੂਆਂ ਤਾਰ ਪਰੋ ਰਹੀਆਂ,
ਮਣਕੇ ਹਾਰ ਬਨ ਗਏ,ਤੂੰ ਜਾਨ ਮਨ ਕੇ।
ਜੋਸ਼ ਜੀ ਦਾ ਠਲ੍ਹਿਆ ਨਹੀਂ ਰਹਿੰਦਾ,
ਖਿਚੀ ਤਾਰ ਤੂੰਈਂ,ਡਾਢੀ ਯਾਰ ਤਨ ਕੇ।
ਟੁਟ ਗਈ ਮਾਲਾ, ਮੋਤੀ ਹੋਏ ਤਾਰੇ,
ਤੇਰੀ ਯਾਦ ਵਾਲੇ, ਸਜਨ ਵੇਖ ਮਣਕੇ॥੧॥
ਸਾਡੇ ਗੁਝੜੇ ਘਾਉ ਉਚੇੜ ਨਾਹੀਂ,
ਲੁਕੇ ਰਹਿਣਦੇ ਸਜਨਾ ਪਿਆਰਿਆ ਓਇ।
ਮਤਾ ਵੇਖ ਕੇ ਜੋਸ਼ ਦੇ ਵਿਚ ਆਵਨ,
ਟੁਟ ਜਾਣ ਟਾਂਕੇ ਜਿੰਦ ਵਾਰਿਆ ਓਇ।
ਮਤਾ ਵੇਖ ਕੇ ਜੀਊੜਾ ਕੰਬ ਜਾਵੀ,
ਲਹੂ ਨ੍ਹਾਤਿਆ ਸਜਨਾ ਸ੍ਵਾਰਿਆ ਓਇ।
ਢਕੇ ਰਹਿਣ ਦੇ ਸੋਹਣਿਆ ਵੇਖ ਨਾਹੀਂ,
ਫੁਲਨ ਦੇ ਏਹ ਬਾਗ ਬਹਾਰਿਆ ਓਇ॥੨॥

੬੩