ਪੰਨਾ:ਪ੍ਰੀਤਮ ਛੋਹ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਵੇਰਾ ਸ਼ੌਹੁ ਦਾ ਫੇਰਾ

ਫੁਲ ਖਿੜੇ ਫੁਲ ਵਾੜੀਆਂ, ਰੁਖੀ ਕੋਇਲ ਬੋਲੇ।
ਠੰਢੀ ਵਗਦੀ ਪੌਣ ਓ, ਅਖੀਂ ਨੀਂਦ ਅਡੋਲੇ॥
ਚੜ੍ਹਦੇ ਹੋਈ ਰੌਸ਼ਨੀ ਕਾਲੇ ਕੇਸ ਸੰਧੂਰੇ।
ਜਿਉਂ ਜਿਉਂ ਉਚੀ ਹੋਵੰਦੀ, ਮਥਾ ਚਮਕੇ ਨੂਰੇ॥
ਚਿੜੀਆਂ ਪੰਛੀ ਬੋਲਦੇ, ਘੁਗੀ ਤੂੰ ਹੀ ਤੂੰ।
ਰਾਗ ਅਲਾਪਨ ਸੋਹਨੜੇ, ਮਨ ਭਾਵਨ ਸਭ ਨੂੰ॥
ਭਿੰਨੀ ਭਿੰਨੀ ਵਾਉ ਏਹ, ਮਸਤੀ ਨਾਲ ਚਲੇ।
ਛੇੜੇ ਆਕੇ ਫੁਲ ਨੂੰ, ਗਲ੍ਹ ਚੁਮ ਲਾਲ ਕਰੇ॥
ਚੋਰੀ ਕਰ ਖਸ਼ਬੂ ਦੀ, ਚਾਈਂ ਫੇਰ ਚਲੇ।
ਕਦੀ ਹਿਲਾਏ ਸਰੂ ਨੂੰ, ਕਦੀ ਚਨਾਰ ਵਲੇ॥
ਝੂਨਾਂ ਦੇਂਦੀ ਸੁਤਿਆਂ, ਉਠੋ ! ਹੋਸ਼ ਕਰੋ।
ਹੁਣ ਤੇ ਸਾਜਨ ਆਵਣਾ, ਕਿਉਂ ਨਾਂ ਹੋਸ਼ ਧਰੋ॥
ਵੇਲਾ ਏਹ ਸਵੇਰ ਦਾ, ਅਜਬ ਬਹਾਰ ਬਨੀ।
ਵੇਖ ਸੁਨਹਿਰੀ ਅਤਲਸਾਂ, ਧਰਤੀ ਆਨ ਵਿਛੀ॥
ਕਾਲੀ ਬੋਲੀ ਰਾਤ ਦੀ, ਰੁੱਖਾਂ ਪਾੜ ਸੁਟੀ।
ਚੋਗ਼ੇ ਪਾਏ ਪੀਲੜੇ, ਚਮਕਨ ਵਾਂਗ ਜ਼ਰੀ॥
ਬੰਨ੍ਹ ਕਤਾਰਾਂ ਖੜੇ ਨੇ, ਵਿਚੇ ਉਡੀਕ ਸਭੇ।
ਫਿਰ ਫਿਰ ਵਾਉ ਸਵਾਰਦੀ, ਅਫਸਰ ਵਾਂਗ ਚਲੇ॥
ਸਭ ਤੇ ਹੋਏ ਤਿਆਰ ਹੁਣ, ਪਰ ਮੈਂ ਸੋਂ ਰਹੀ।
ਸ਼ੌਹੁ ਪਿਆਰੇ ਨੇ ਆਵਨਾ, ਕੰਨ ਨਾਂ ਜੂੰ ਤੁਰੀ॥

੬੯