ਪੰਨਾ:ਪ੍ਰੀਤਮ ਛੋਹ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਮੁੰਦਰ ਦੇ ਕੰਢੇ ਤੇ ਪ੍ਰਭਾਤ

ਪੂਰਬ ਵੰਨੇਂ ਵੇਖੀਓ, ਲਾਲੀ ਚੜ੍ਹੀ' ਸਮਾਨ।
ਅੱਗ ਲਗੀ ਕੀ ਸਾਗਰੇ, ਧਰਤੀ ਨਹੀਂ ਨਿਸ਼ਾਨ।
ਕੇਸਰ ਕੁੰਗੂ ਡੋਲ੍ਹਿਆ,ਕਿਸ ਆ ਵਿਚ ਜਹਾਨ।
ਓਹੋ ਸੂਰਜ ਨਿਕਲਿਆ, ਸਭ ਜਗ ਦਾ ਸੁਲਤਾਨ॥

ਲਾਲੀ ਚੜ੍ਹਦਿਉਂ ਵੇਖ ਲੈ ਪੌਹੁ ਫੁਟੀ,
ਕਿਰਣਾਂ ਨੂਰ ਦੇ ਤੀਰ ਚਲਾਉਂਦੀਆਂ ਨੀ।
ਬਾਵਾਂ ਨਾਜ਼ਕ ਮਲੂਕ ਸ੍ਵਰਨ ਜੜੀਆਂ,
ਕਿਸੇ ਯਾਰ ਦਾ ਥੌਹੁ ਦਸਾਉਂਦੀਆਂ ਨੀ।
ਚਾਂਦੀ ਚਮਕਦੀ ਲਹਿਰ ਵੀ ਉਠ ਨਚੇ,
ਸੁਨੇਹਾ ਜ਼ਿੰਦਗੀ ਦਾ ਕੀ ਸੁਨਾਉਂਦੀਆਂ ਨੀ।
ਇਕ ਜਾਦੜੂ ਭਰੀ ਏਹ ਕੀ ਛੋਹ ਨਾਲੇ
ਸੁਤੇ ਸਾਗਰਾਂ ਚਾ ਹਸਾਉਂਦੀਆਂ ਨੀ॥੧॥

ਰੁਮਕੀ ਵਾਉ ਸਮੁੰਦਰੀ ਮੁਸ਼ਕ ਭਿੰਨੀ,
ਸੁਤੇ ਯਾਰ ਦਾ ਮੂੰਹ ਚੁਮਾਉਂਦੀ ਏ।
ਉਠੀਂ ਸੁਤਿਆ! ਮਸਤੀ ਨੂੰ ਛਡ ਅੜਿਆ,
ਸੁਆਰੀ ਸ਼ਾਹ ਸਵੇਰ ਦੀ ਆਉਂਦੀ ਏ।

੭੩