ਪੰਨਾ:ਪ੍ਰੀਤਮ ਛੋਹ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਯਾਰ ਦਾ ਵਿਛੋੜਾ

ਦੂਰ ਵਸੇਂਦਾ ਜਾਨੀ ਸਾਡਾ, ਥਲ ਕੰਢੀਂ ਤੇ ਵਸਦਾ।
ਲਿਖ ੨ ਨਿਤ ਨਿਹੋਰੇ ਸਟੇ, ਮਿਲ ਯਾਰ ਨਾਂ ਯਾਰਾਂ ਦਸਦਾ।
ਦਿਲ ਵਿਚ ਵਾਸ ਏ ਤੇਰਾ ਜਾਨੀ, ਹੁਣ ਕਿਉਂ ਉਹਲੇ ਥੀਵੇਂ।
ਦੂਈ ਦੂਰੀ ਦੂਰ ਹੋ ਜਾਂਦੀ, ਜਦ ਜੀ ਮੇਰੇ ਵਿਚ ਹੱਸਦਾ॥
ਅਖੀਓਂ ਦੂਰ ਤੂੰ ਪਰੇ ਪ੍ਰੇਰੇ, ਪਰ ਮਨ ਵਿਚ ਵਾਸ ਕਰਾਵੇਂ।
ਦਿਲ ਦਾ ਰਾਜ ਸੰਭਾਲ ਲਿਓਈ, ਹੋਰ ਕੀ ਸਾਥੋਂ ਚਾਹਵੇਂ।
ਨੈਨ ਤਰਸ ਦੇ ਦਰਸ ਤੇਰੇ ਨੂੰ, ਏਹੀ ਖੈਰ ਦਵਾਵੇਂ।
ਪਰਦੇ ਉਹਲੇ ਇਸ਼ਕ ਨਾ ਹੋਵੇ, ਲੁਕ ਛਿਪ ਖੇਡ ਮਚਾਵੇਂ॥
ਤੂੰ ਉਠ ਤੁਰਿਓਂ ਨਾਲ ਮਝੀ ਦੇ, ਮਹੀਂ ਪਿਛੇ ਅਰੜਾਵਾਂ।
ਮਾਹੀ ਮੈਂਡੇ ਨੀਰ ਤੂੰ ਮੈਂਡਾ, ਵਾਂਗ ਮਾਹੀ ਤੜਫਾਵਾਂ।
ਜੇ ਤੂੰ ਲੂ ਤਤੀ ਨੂੰ ਛਡਨਾ, ਨਾਲ ਕੰਧੀਂ ਨੇਹੁੰ ਲਾਵਾਂ।
ਤੂੰ ਚਾਕਾ ਨੱਸ ਗਿਓਂ ਹਜ਼ਾਰੇ, ਦਰਦ ਤੈਂਡੀ,ਸੁਖ ਪਾਵਾਂ॥
ਸੌ ਤੂੰ ਨਸਕੇ ਪਿਆ ਸਤਾਵੇਂ, ਦਰਦ ਏਹ ਕੌਨ ਖੁਵਾਸੀ।
ਭਾਇ ਇਸ਼ਕ ਦੀ ਬਾਲ ਮੁਆਤਾ, ਕੁੰਦਨ ਕਰ ਵਖਲਾਸੀ।
ਜਿਉਂ ੨ ਵਧ ਤੂੰ ਪੀੜ ਦਿਵਾਵੇਂ, ਏ ਸ਼ੁਕਰ ਕਰੇਂਦੀ ਦਾਸੀ।
ਮੈਨੂੰ ਭੁੱਲ ਨਾ ਮੂਲ ਗਿਓਂ ਤੂੰ, ਮੈਂ ਦੇਸ ਕਰਮ ਦੀ ਵਾਸੀ॥
ਏ ਹੈ ਦਰਦ ਰੰਝੇਟੇ ਵਾਲੀ, ਮੇਰੀ ਦੀਨ ਦੁਨੀ ਦੀ ਵਾਲੀ।
ਮੈਨੂੰ ਲੋੜ ਹੋਰ ਨਹੀਂ ਕਾਈ, ਤੂੰ ਦੂਰ ਰਵ੍ਹੇ ਜਾਂ ਨਾਲੀ।
ਅੱਖੀਓਂ ਦੂਰ ਹੋਏ ਤਾਂ ਹੋਵੇਂ, ਪਰ ਦਿਲ ਤੋਂ ਦੂਰ ਨਾ ਥੀਵੈਂ।
ਬੁਧ ਹਰੀ, ਜੂੰ ਹੋਈ ਬੈਰਾਗਨ, ਮੈਂ ਭੁੱਲੀ, ਭੋਲੀ ਹਾਲੀ॥

੮੭