ਪੰਨਾ:ਪ੍ਰੀਤ ਕਹਾਣੀਆਂ.pdf/10

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

"ਸੁੰਦਰੀ! ਤੁਸੀਂ ਕੌਣ ਹੋ; ਤੇ ਇਥੇ ਕਿਸ ਤਰ੍ਹਾਂ ਇਕੱਲਿਆਂ ਆਏ ਹੋ?"

"ਮੈਂ ਮਹਾਰਾਜ ਜੈ ਚੰਦ ਕਨੌਜ ਦੀ ਪੁਤਰੀ ਹਾਂ, ਤੇ ਮੇਰਾ ਨਾਂਂ ਸੰਜੋਗਤਾ ਹੈ। ਮੈਂ ਆਪ ਦੀ ਬੜੀ ਧੰਨਵਾਦੀ ਹਾਂ, ਜਿਨ੍ਹਾਂ ਆਪਣੀ ਜਾਨ ਖਤਰੇ ਵਿਚ ਪਾ ਕੇ ਮੇਰੀ ਸਹਾਇਤਾ ਕੀਤੀ ਹੈ। ਕੀ ਮੈਂ ਆਪਣੇ ਸਹਾਇਕ ਬਾਰੇ ਕੁਝ ਜਾਣ ਸਕਦੀ ਹਾਂ?"

ਸਜੀਲੇ ਰਾਜਪੂਤ ਨੌਜਵਾਨ ਨੇ ਕੁੜੀ ਨੂੰ ਵੇਖਿਆ। ਗ਼ਜ਼ਬ ਦੀ ਸੁੰਦਰ, ਦਿਲ-ਲੁਭਾਣੇ ਨਕਸ਼, ਸਿਆਹ ਲੰਮੀਆਂ ਜ਼ੁਲਫ਼ਾਂ ਕਮਰ ਤੀਕ ਨਾਗਾਂ ਵਾਂਗ ਲਟਕ ਰਹੀਆਂ ਸਨ। ਮਧ-ਭਰੀਆਂ ਨਸ਼ੀਲੀਆਂ ਅਖਾਂ, ਸਡੋਲ ਸਰੀਰ, ਤੇ ਫਬਵੀਂ ਸ਼ਿਕਾਰੀ ਪੋਸ਼ਾਕ ਵੇਖ ਕੇ ਉਹ ਕੁਝ ਪਲਾਂ ਲਈ ਆਪਣੇ ਆਪ ਵਿਚ ਹੀ ਨਾ ਰਿਹਾ। ਫਿਰ ਕੁਝ ਸੰਭਿਲਆ, ਘੋੜੇ ਨੂੰ ਥਾਪੀ ਦਿਤੀ ਤੇ ਉਸ ਤੇ ਸਵਾਰ ਹੋ ਕੇ ਕਹਿਣ ਲਗਾ—"ਸੁੰਦਰੀ! ਮੈਂ ਤੁਹਾਡਾ ਉਹੀ ਚੋਹਾਨ ਦੁਸ਼ਮਣ ਹਾਂ, ਜਿਸਦੀ ਤੁਸੀਂ ਸ਼ਕਲ ਵੇਖਣਾ ਵੀ ਨਹੀਂ ਚਾਹੁੰਦੇ।"

ਇਹ ਆਖ ਕੇ ਉਹ ਬਿਨਾਂ ਯੁਵਤੀ ਦਾ ਜਵਾਬ ਸੁਣਿਆ ਘੋੜੇ ਨੂੰ ਅਡੀ ਲਾ ਕੇ ਹਵਾ ਹੋ ਗਿਆ।

ਪ੍ਰਿਥੀ ਰਾਜ ਚੋਹਾਨ, ਖਾਨਦਾਨ ਦਾ ਬੜਾ ਬਹਾਦਰ ਤੇ ਦਲੇਰ ਰਾਜਾ ਸੀ। ਘਰ ਘਰ ਲੋਕੀ ਉਸ ਬਹਾਦਰ ਦੀਆਂ ਕਹਾਣੀਆਂਂ ਕਰਦੇ ਸਨ। ਉਸਦੀ ਬਹਾਦਰੀ ਦੀਆਂ ਵਾਰਾਂ ਆਮ ਭਟਾਂ ਦੇ ਮੂੰਹ ਤੇ ਸਨ। ਉਹ ਜਿੰਨਾਂ ਖੁਬਸੂਰਤ ਤੇ ਬਹਾਦਰ ਸੀ, ਓਨਾਂ ਹੀ ਚਾਲ ਚਲਨ ਦਾ ਪਵਿਤ੍ਰ ਸੀ। ਉਸ ਦੀਆਂ ਨੌਜਵਾਨ ਮੰਜ਼ਲਾਂ ਤੈ ਕਰਨ ਤੀਕ ਕੋਈ ਯੁਵਤੀ ਉਸਦਾ ਦਿਲ ਨਹੀਂ ਸੀ ਜਿਤ ਸਕੀ, ਪਰ ਅਜ ਜਿਸ ਸੁੰਦਰੀ ਨੂੰ ਉਸਨੇ ਜੰਗਲ ਵਿਚ ਵੇਖਿਆ ਸੀ, ਉਸਦੀ ਤਸਵੀਰ ਅੱਖਾਂ ਅਗੋਂ ਨਹੀਂ ਸੀ ਹਟਦੀ। ਉਸਨੇ ਆਪਣੇ ਆਪ ਨੂੰ ਬੜਾ ਸਮਝਾਇਆ, ਪਰ:

-੧੦-