ਪੰਨਾ:ਪ੍ਰੀਤ ਕਹਾਣੀਆਂ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਤਾਰਾ ਨੂੰ ਉਠਵਾ ਕੇ ਸ਼ਾਹੀ ਹਕੀਮ ਪਾਸ ਲੈ ਗਿਆ। ਸਤਾਰਾ ਅਜੇ ਜ਼ਿੰਦਾ ਸੀ, ਪਰ ਆਗਾ ਬਾਸ਼ੀ ਅਸਲ ਗਲ ਤੋਂ ਨਾਵਾਕਫ ਸੀ ਜੋ, ਇਸ ਲਈ ਬਾਦਸ਼ਾਹ ਨੂੰ ਉਸ ਨੇ ਉਸਦੇ ਬਚ ਜਾਣ ਦੀ ਖਬਰ ਨਾ ਦਿਤੀ।
ਜਦ ਸਤਾਰਾ ਦੀ ਹਾਲਤ ਜ਼ਰਾ ਸੰਭਲੀ ਤਾਂ ਆਗਾ ਬਾਸ਼ੀ ਨੇ ਉਸ ਨੂੰ ਇਕ ਅਰਮਨੀ ਖਾਨਦਾਨ ਪਾਸ ਭੇਜ ਦਿੱਤਾ-ਉਥੇ ਸਤਾਰਾ ਨੂੰ ਘਰ ਦੇ ਬੰਦਿਆਂ ਵਾਂਗ ਬੜੇ ਪਿਆਰ ਨਾਲ ਰੱਖਿਆ ਗਿਆ।
ਨਾਦਰ ਵਲੋਂ ਸਤਾਰਾ ਦਾ ਨਾਂ ਤਕ ਲੈਣ ਦੀ ਦਰਬਾਰ ਵਿਚ ਆਗਿਆ ਨਹੀਂ ਸੀ। ਇਸਦਾ ਸਤਾਰਾਂ ਨੂੰ ਪਤਾ ਸੀ, ਜਿਸ ਲਈ ਉਸ ਆਪਣੀ ਹੋਂਦ ਦਾ ਨਾਦਰ ਨੂੰ ਪਤਾ ਨਾ ਦਿੱਤਾ, ਪਰ ਉਹ ਨਾਦਰ ਬਿਨਾਂ ਡਾਢੀ ਬੇਚੈਨ ਸੀ।
ਉਧਰ ਨਾਦਰ ਦਿਨ ਬਦਿਨ ਢਹਿੰਦੀਆਂ ਕਲਾਂ ਵੱਲ ਜਾ ਰਿਹਾ ਸੀ। ਬੁਢਾਪੇ ਦੇ ਨਾਲ ਨਾਲ ਹਕੂਮਤ ਦੀ ਵਾਗ ਡੋਰ ਵੀ ਹੋਲੇ ਹੌਲੇ ਉਸ ਹਥੋਂ ਨਿਕਲੀ ਜਾ ਰਹੀ ਸੀ। ਇਸੇ ਕਾਰਣ ਉਸ ਦਾ ਮਿਜ਼ਾਜ ਬੜਾ ਸੜੀਅਲ ਤੇ ਗੁਸੈਲ ਹੋ ਗਿਆ ਸੀ।
ਦਿਨ, ਹਫਤੇ, ਮਹੀਨੇ ਗਿਣਦਿਆਂ ਕਈ ਸਾਲ ਗੁਜ਼ਰ ਗਏ। ਸਤਾਰਾ ਮਛੀ ਵਾਂਗ ਮਾਹੀ ਬਿਨਾ ਗਮ ਵਿਚ ਘੁਲੀ ਜਾ ਰਹੀ ਸੀ।ਕਿ ਅਚਾਨਕ ਉਸ ਨੂੰ ਖ਼ਬਰ ਮਿਲੀ ਨਾਦਰ ਕਿਸੇ ਰਾਜਸੀ ਸਿਲ-ਸਿਲੇ ਵਿਚ ਅਰਮਨੀ ਪਿੰਡ ਪਾਸੋਂ ਲੰਘ ਰਿਹਾ ਹੈ। ਸਤਾਰਾ ਨੇ ਮਿਲਣ ਦੀ ਪਕੀ ਠਾਣ ਲਈ। ਉਸਦੇ ਸੁਨੇਹੀਆਂ ਨੇ ਉਸਨੂੰ ਕਾਫੀ ਸਮਝਾਇਆ ਕਿ ਕਿਓ ਆਪਣੇ ਆਪ ਤੇ ਆਪਣੇ ਹਮਦਰਦਾਂ ਪੁਰ ਜ਼ੁਲਮ ਢਾਹਣ ਲਗੀ ਹੈ ਪਰ ਓਹ ਆਪਣੇ ਇਰਾਦੇ ਤੋਂ ਬਾਜ਼ ਨਾ ਰਹਿ ਸਕੀ ਓਹ ਇਸ ਉਦਾਸ ਜੀਵਨ ਨਾਲੋਂ ਆਪਣੇ ਪ੍ਰੇਮੀ ਹਥੋਂ ਮਰ ਜਾਣਾ ਹਜ਼ਾਰ ਦਰਜੇ ਚੰਗਾ ਜਾਣਦੀ ਸੀ।

-੧੪੫-