ਪੰਨਾ:ਪ੍ਰੀਤ ਕਹਾਣੀਆਂ.pdf/33

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸੌਂਪ ਗਈ। ਕੁਝ ਚਿਰ ਮਗਰੋਂ ਅੰਗਰੇਜ਼ੀ ਅਜਾਇਬ-ਘਰ ਵਾਲਿਆਂ ਨੇ ਉਹ ਚਿਠੀਆਂ ਇਸ ਸ਼ਰਤ ਤੇ ਕੈਥਰਾਈਨ ਦੀ ਪੁਤ੍ਰੀ ਪਾਸੋਂ ਲੈ ਲਈਆਂ, ਕਿ ਉਸ ਦੇ ਮਰਨ ਤੋਂ ਪਹਿਲਾਂ ਇਹ ਚਿਠੀਆਂ ਨਾ ਕਿਸੇ ਨੂੰ ਦੱਸੀਆਂ ਜਾਣਗੀਆਂ ਤੇ ਨਾ ਹੀ ਛਪਣ ਲਈ ਪ੍ਰੈਸ ਵਿਚ ਦਿਤੀਆਂ ਜਾਣਗੀਆਂ।

ਚਾਰਲਸ ਦੇ ਸਭ ਤੋਂ ਛੋਟੇ ਪੁਤ੍ਰ ਦੀ ਮੌਤ ਤੋਂ ਠੀਕ ੫੦ ਸਾਲ ਪਿਛੋਂ ੧੮੮੨ ਵਿਚ ਇਨ੍ਹਾਂ ਚੋਂ ਕੁਝ ਚਿਠੀਆਂ ਲੋਕਾਂ ਸਾਹਮਣੇ ਆਈਆਂ। ਲੋਕਾਂ ਨੇ ਬਾਕੀ ਦੀਆਂ ਚਿਠੀਆਂ ਦੇ ਛਪਣ ਲਈ ਬੜੀ ਦਿਲਚਸਪੀ ਜ਼ਾਹਿਰ ਕੀਤੀ। ਜਿਸ ਤੋਂ ਸਾਰੇ ਪਤਰਾਂ ਨੂੰ ਛਾਪਣਾ ਪਿਆ।

ਉਨ੍ਹਾਂ ਚਿਠੀਆਂ ਤੋਂ ਪਤਾ ਲਗਦਾ ਹੈ, ਕਿ ਕੈਥਰਾਈਨ ਦੀਆਂ ਕਈ ਭੈਣਾਂ ਸਨ ਤੇ ਇਕ ਤੋਂ ਇਕ ਵਧ ਸੁੰਦਰ, ਪਰ ਉਨ੍ਹਾਂ ਸਾਰੀਆਂ ਚੋਂ ਡਿਕਸਨ ਨੇ ਸਿਰਫ ਕੈਥਰਾਈਨ ਦੀ ਹੀ ਚੋਣ ਕੀਤੀ। ਉਸ ਦੇ ਦੀਨਤਾ-ਭਾਵ ਨੇ ਕੈਥਰਾਈਨ ਨੂੰ ਵੀ ਜਵਾਬੀ ਪ੍ਰੇਮ ਲਈ ਮਜਬੂਰ ਕਰ ਦਿਤਾ, ਪਰ ਡਿਕਸਨ ਸਦਾ ਲਈ ਇਕੋ ਫੁਲ ਦਾ ਭੌਰਾ ਬਣਿਆ ਨਹੀਂ ਸੀ ਰਹਿ ਸਕਦਾ। ਉਸ ਨੇ ਆਪਣੇ ਇਕ ਮਿਤਰ ਨੂੰ ਇਕ ਚਿਠੀ ਵਿਚ ਲਿਖਿਆ ਸੀ:---

"ਕਾਸ਼ ਕਿ ਕੈਥਰਈਨ ਨੇ ਮੇਰੀ ਥਾਂ ਕਿਸੇ ਹੋਰ ਨਾਲ ਵਿਆਹ ਕੀਤਾ ਹੁੰਦਾ ਤਾਂ ਮੈਂ ਕਿੰਨਾ ਖੁਸ਼-ਕਿਸਮਤ ਹੁੰਦਾ.........।"

ਇਸ ਦਾ ਸਬਬ ਸ਼ਾਇਦ ਇਹ ਹੋਵੇ ਕਿ ਕੈਥਰਾਈਨ ਬਹੁਤਾ ਤਾਂ ਪੜ੍ਹੀ ਲਿਖੀ ਨਹੀਂ ਸੀ, ਤੇ ਡਿਕਸਨ ਨੂੰ ਇਹ ਆਸ ਸੀ ਕਿ ਕੈਥਰਾਈਨ ਉਸ ਦੇ ਨਾਵਲ ਤੇ ਕਹਾਣੀਆਂ ਪੜ੍ਹ ਕੇ ਉਸ ਦੇ ਆਰਟ ਦੀ ਤਾਰੀਫ ਕਰ ਸਕੇਗੀ! ਕੈਥਰਾਈਨ ਉਸਦੀਆਂ ਕਿਤਾਬਾਂ ਨੂੰ ਪੜ੍ਹ ਲੈਂਦੀ, ਪਰ ਉਨ੍ਹਾਂ ਸਬੰਧੀ ਆਪਣੀ ਕੋਈ ਰਾਏ ਨਾ ਦੇਂਦੀ। ਇਸੇ ਕਾਰਣ ਡਿਕਸਨ ਨੇ ਉਸਨੂੰ ਚਿਠੀਆਂ ਲਿਖਣੀਆਂ ਵੀ ਬੰਦ ਕਰ ਦਿਤੀਆਂ ਸਨ।

-੩੩-