ਰਾਤ ਦਾ ਵੇਲਾ- ਘੁਪ ਹਨੇਰਾ--ਹੈਲਨ ਹਥ ਵਿਚ ਦੀਵਾ ਲਈ ਹੌਲੀ ਹੌਲੀ ਕੈਦੀ ਦੇ ਤੰਬੂ ਵਿਚ ਦਾਖਲ ਹੋਈ, ਤੇ ਪਿਆਰ ਭਰੀ ਮਿਠੀ ਜ਼ਬਾਨ ਵਿਚ ਕਹਿਣ ਲਗੀ--"ਪ੍ਰੀਤਮ!"
"ਕੌਣ? ਮੇਰੀ ਹੈਲਨ?" ਕੈਦੀ ਨੇ ਸਿਰ ਉਠਾ ਕੇ ਹੈਰਾਨੀ ਨਾਲ ਕਿਹਾ। "ਇਸ ਵੇਲੇ ਗਲਾਂ ਕਰਨ ਦਾ ਮੌਕਾ ਨਹੀਂ--ਚੁਪ ਚਾਪ ਮੇਰੇ ਪਿਛੇ ਆਵੋ ਤੇ ਜਿਸ ਤਰ੍ਹਾ ਮੈਂ ਕਹਿੰਦੀ ਹਾਂ ਕਰਦੇ ਜਾਵੋ।"
ਮੁਹੱਬਤ ਦੀਆਂ ਕੜੀਆਂ ਜ਼ੰਜੀਰਾਂ ਵਿਚ ਜਕੜਿਆ ਵਰਸ਼ਲ ਆਪਣੀ ਦੇਵੀ ਦੇ ਪਿਛੇ ਪਿਛੇ ਤੁਰੀ ਜਾ ਰਿਹਾ ਸੀ। ਦੂਰ ਜੰਗਲ ਵਿਚ ਪਹੁੰਚ ਕੇ-"ਹੁਣ ਤੁਸੀ ਆਜ਼ਾਦ ਹੋ" ਆਖ ਕੇ ਹੈਲਨ ਇਕ ਦਮ ਗ਼ਾਇਬ ਹੋ ਗਈ।
****
ਵਰਸ਼ਲ ਇਕ ਬਹਾਦਰ ਕੌਮ ਪ੍ਰਸਤ ਯੋਧਾ ਸੀ। ਉਸਦੀਆਂ ਫੌਜਾਂ ਸਕੰਦਰ ਦੀਆਂ ਫੌਜਾਂ ਨੂੰ ਹਾਰ ਤੇ ਹਾਰ ਦੇਂਦੀਆ ਅਗਾਹਾਂ ਨੂੰ ਵਧੀ ਜਾ ਰਹੀਆਂ ਸਨ। ਯੂਨਾਨੀ ਸਿਪਾਹੀ ਜਿਨ੍ਹਾਂ ਦੇ ਸਾਹਮਣੇ ਕੋਈ ਤਾਕਤ ਨਹੀਂ ਸੀ ਖੜੋ ਸਕੀ, ਅਜ ਬਿਆਸ ਤਕ ਮੈਦਾਨ ਛਡ ਗਏ। ਇਸ ਵੇਲੇ ਅਚਾਨਕ ਬਾਰਸ਼ ਤੇ ਹਨੇਰੀ ਸ਼ੁਰੂ ਹੋ ਗਈ। ਪਿਛੇ ਦੁਸ਼ਮਣ ਦੀਆਂ ਬੇ-ਪਨਾਹ ਫੌਜਾਂ ਤੇ ਅਗੇ ਕੁਦਰਤ ਨਾਲ ਟਕਰ। ਦਰਿਆ ਚਨਾਬ ਅਜ ਇਨ੍ਹਾਂਂ ਪ੍ਰਦੇਸੀ ਫੌਜਾਂ ਨੂੰ ਖਤਮ ਕਰਨ ਤੇ ਤੁਲਿਆ ਹੋਇਆ ਸੀ। ਕਿੰਨੇ ਬਹਾਦਰ ਸਿਪਾਹੀ ਚਨਾਬ ਦੀਆਂ ਗ਼ਜ਼ਬਨਾਕ ਲਹਿਰਾਂ ਨੇ ਆਪਣੀ ਲਪੇਟ ਵਿਚ ਲੈ ਲਏ। ਸਿਪਾਹੀਆਂ ਦੀ ਆਹ ਪੁਕਾਰ, ਬਿਜਲੀ ਦੀ ਕੜਕੜਾਹਟ ਤੇ ਪਾਣੀ ਦੀ ਗੜਗੜਾਹਟ- ਬਾਰਸ਼ ਤੇ ਹਨੇਰੀ ਦੇ ਤੂਫਾਨ ਨਾਲ, ਬੜਾ ਡਰਾਉਣਾ ਦ੍ਰਿਸ਼ ਬਣ ਗਿਆ ਸੀ।