ਸਮੱਗਰੀ 'ਤੇ ਜਾਓ

ਪੰਨਾ:ਪ੍ਰੀਤ ਕਹਾਣੀਆਂ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੂਪ ਵੀ ਧਾਰਣ ਕਰ ਲਵੇਂ ਤਾਂ ਵੀ ਮੇਰੇ ਵਾਲਾਂ ਨੂੰ ਛੋਹ ਨਹੀਂ ਸਕਦਾ।"
ਇਸ ਤੋਂ ਪਿਛੋਂ ਕਿਸੇ ਨਾ ਕਿਸੇ ਤਰ੍ਹਾਂ ਦੋਵੇਂ ਪ੍ਰੇਮੀ ਮਿਲੇ। ਪ੍ਰੇਮ ਦੀਆਂ ਗਲਾਂ ਘੰਟਿਆਂ ਬਧੀ ਚਲਦੀਆਂ ਰਹਿੰਦੀਆਂ, ਦਿਲਾਂ ਦੇ ਅਰਮਾਨ ਕਢੇ ਜਾਂਦੇ, ਸ਼ੇਅਰ ਬਾਜ਼ੀ ਹੁੰਦੀ ਤੇ ਪਿਆਰ-ਮਧ ਦੇ ਦੌਰ ਦੇ ਪਾਗ਼ਲ ਦੀਵਾਨਿਆਂ ਵਿਚਕਾਰ ਚਲਦੇ ਰਹਿੰਦੇ। ਪਰ ਇਸ਼ਕ ਤੇ ਮੁਸ਼ਕ ਕਿੰਨਾ ਚਿਰ ਛੁਪੇ ਰਹਿ ਸਕਦੇ ਹਨ? ਹੁੰਦਿਆਂ ਹੁੰਦਿਆਂ ਇਹ ਗਲ ਸ਼ਾਹੀ ਮਹੱਲਾਂ ਚੋਂ ਨਿਕਲ ਕੇ ਆਮ ਲੋਕਾਂ ਦੇ ਕੰਨਾਂ ਤੀਕ ਜਾ ਪੁਜੀ ਤੇ ਉਥੋਂ ਸਿਧੀ ਦਿਲੀ। ਔਰੰਗਜ਼ੇਬ ਇਸ ਗਲ ਨੂੰ ਸੁਣ ਕੇ ਅੱਗ ਬਗੋਲਾ ਹੋ ਉਠਿਆ। ਉਸ ਨੇ ਸ਼ਹਿਜ਼ਾਦੀ ਨੂੰ ਫੌਰਨ ਦਿਲੀ ਆ ਜਾਣ ਦਾ ਹੁਕਮ ਦਿਤਾ। ਦੋਹਾਂ ਪ੍ਰੇਮੀਆਂ ਨੂੰ ਜਦ ਇਹ ਖਬਰ ਮਿਲੀ, ਤਾਂ ਬੜੇ ਦੁਖੀ ਹੋਏ ਪਰ ਕੋਈ ਚਾਰਾ ਨਹੀਂ ਸੀ। ਜ਼ੇਬਾਂ ਨੇ ਰੋਂਦਿਆਂ ਹੋਇਆਂ ਆਪਣੇ ਪ੍ਰੇਮੀ ਤੋਂ ਵਿਦੈਗੀ ਲਈ। ਉਸ ਨੇ ਆਕਲ ਨਾਲ ਇਕਰਾਰ ਕੀਤਾ ਕਿ ਜੇ ਜ਼ੇਬਾਂ ਕਿਸੇ ਨਾਲ ਸ਼ਾਦੀ ਕਰੇਗੀ ਤਾਂ ਉਹ ਉਸਦਾ ਪ੍ਰੇਮੀ ਆਕਲ ਹੀ ਹੋਵੇਗਾ, ਵਰਨਾ ਸਾਰੀ ਉਮਰ ਉਹ ਕੰਵਾਰੀ ਰਹੇਗੀ।
ਦਿਲੀ ਜਾਂਦਿਆਂ ਸਾਰ ਔਰੰਗਜ਼ੇਬ ਨੇ ਸ਼ਾਹਜ਼ਾਦੀ ਦੇ ਵਿਆਹ ਬਾਰੇ ਗਲ ਬਾਤ ਛੇੜ ਦਿੱਤੀ। ਜ਼ੇਬਾਂ ਨੇ ਪਿਤਾ ਨੂੰ ਸੁਨੇਹਾ ਘਲਿਆ ਕਿ ਉਸਨੂੰ ਆਪਣੀ ਇਛਾ-ਅਨੁਸਾਰ ਪਤੀ ਚੁਣਨ ਦੀ ਆਗਿਆ ਦਿਤੀ ਜਾਵੇ। ਪਿਤਾ ਨੇ ਆਗਿਆ ਦੇ ਦਿਤੀ। ਜ਼ੇਬਾਂ ਨੇ ਆਪਣਾ ਪ੍ਰੇਮੀ ਆਕਲ ਖਾਂ ਚੁਣਿਆ,ਤੇ ਬਾਦਸ਼ਾਹ ਨੂੰ ਇਸਦੀ ਖ਼ਬਰ ਦੇ ਦਿੱਤੀ ਗਈ।
ਬਾਦਸ਼ਾਹ ਦੇ ਹਵਾਲੇ ਨਾਲ ਆਕਲ ਖਾਂ ਨੂੰ ਇਕ ਚਿਠੀ ਲਿਖੀ ਗਈ, ਫਿਰ ਦੂਜੀ, ਫਿਰ ਤੀਜੀ ਪਰ ਉਸ ਵਲੋਂ ਕੋਈ ਉਤਰ ਨਾ ਆਇਆ। ਜ਼ੇਬਉਨਿਸਾਂ ਬੜੀ ਨਿਰਾਸ ਹੋਈ, ਪਰ ਉਸ ਨੇ ਹੌਂਸਲਾ ਨਾ ਛਡਿਆ। ਉਸ ਨੂੰ ਯਕੀਨ ਸੀ, ਕਿ ਇਕ ਦਿਨ ਉਸ ਦਾ ਪ੍ਰੇਮੀ ਜਰੂਰ ਉਸਨੂੰ ਆਣ ਕੇ ਮਿਲੇਗਾ।

-੬੫-