ਇਹ ਸਭ ਕੁਝ ਜਾਣਦਿਆਂ ਹੋਇਆਂ ਵੀ ਪ੍ਰੇਮੀ ਨੂੰ ਜੀਵਣ-ਸਾਥੀ ਬਣਨ ਦਾ ਕੌਲ ਦਿਤਾ। ਉਸ ਨੇ ਮਾਪਿਆਂ ਨੂੰ ਸਾਫ਼ ਕਹਿ ਦਿੱਤਾ, ਕਿ ਉਹ ਸ਼ਾਦੀ ਮੈਕਡਾਨਲਡ ਬਿਨਾਂ ਕਿਸੇ ਨਾਲ ਨਹੀਂ ਕਰੇਗੀ। ਮਾਪਿਆਂ ਜਦ ਆਪਣੀ ਜਵਾਨ ਬੱਚੀ ਨੂੰ ਆਪਣੇ ਫੈਸਲੇ ਤੇ ਦ੍ਰਿੜ ਵੇਖਿਆ ਤਾਂ ਉਨ੍ਹਾਂ ਵੀ ਹਾਂ ਕਰ ਦਿਤੀ।
ਨਵੰਬਰ ੧੮੯੬ ਵਿਚ ਦੋਹਾਂ ਦਾ ਵਿਆਹ ਹੋ ਗਿਆ। ਉਦੋਂ ਮੈਕਡਾਨਲਡ ਨੂੰ ਇੰਗਲੈਂਡ ਵਿਚ ਘਟ ਹੀ ਲੋਕੀ ਜਾਣਦੇ ਸਨ, ਪਰ ਇਸ ਤੋਂ ਦਸ ਸਾਲ ਬਾਅਦ ਇਹ ਆਪਣੇ ਮੁਲਕ ਦਾ ਹੀਰੋ ਸਮਝਿਆ ਜਾਣ ਲਗ ਪਿਆ। ਹੁਣ ਮਜ਼ਦੂਰ ਪਾਰਟੀ ਕਾਫੀ ਮਜ਼ਬੂਤ ਹੋ ਗਈ ਸੀ। ਰੈਮਜੇ ਪਾਰਲੀਮੈਂਟ ਦਾ ਮੈਂਬਰ ਹੀ ਨਹੀਂ, ਸਗੋਂ ਵੱਡਾ ਵਜ਼ੀਰ ਵੀ ਚੁਣਿਆ ਗਿਆ, ਪਰ ਉਸ ਦੀ ਹਰ ਦੁਖ ਸਮੇਂ ਦੀ ਸਹਾਇਕ ਜੀਵਣਸਾਥਣ ਆਪਣੇ ਪ੍ਰੇਮੀ ਨੂੰ ਕਾਮਯਾਬੀ ਦੀ ਸਭ ਤੋਂ ਉਪਰਲੀ ਮੰਜ਼ਲ ਤੇ ਖੜੋਤਾ ਨਾ ਵੇਖ ਸਕੀ।--ਉਹ ਆਪਣੇ ਪ੍ਰੇਮੀ ਨੂੰ ਨਾ ਭੁਲ ਸਕਣ ਵਾਲਾ ਵਿਛੋੜਾ ਦੇ ਕੇ ਸਦਾ ਦੀ ਨੀਂਦ ਸੌਂ ਗਈ।
ਕੌਣ ਕਹਿ ਸਕਦਾ ਹੈ, ਕਿ ਜੇ ਮਾਰਗਰੇਟ ਦਾ ਸਬੰਧ ਰੈਮਜ਼ੇ ਨਾਲ ਨਾ ਹੁੰਦਾ ਤਾਂ ਅਜ ਉਸ ਦੀ ਕੀ ਪੋਜ਼ੀਸ਼ਨ ਹੁੰਦੀ? ਤੇ ਕੌਣ ਯਕੀਨ ਕਰ ਸਕਦਾ ਹੈ, ਕਿ ਉਸਦੀ ਸਹਾਇਤਾ ਬਿਨਾਂ ਮਜ਼ਦੂਰ ਦਲ ਵਲੋਂ ਖੜੋਤਾ ਇਕ ਸਾਧਾਰਣ ਉਮੈਦਵਾਰ ਇੰਗਲੈਂਡ ਦਾ ਵਡਾ ਵਜ਼ੀਰ ਬਣ ਸਕਦਾ ਸੀ। ਮਾਰਗਰੇਟ ਦੀ ਮੇਹਨਤ, ਹਿੰਮਤ ਤੇ ਹੌਸਲੇ ਕਾਰਣ ਉਸ ਦੀਆਂ ਸਾਰੀਆਂ ਇਛਾਂ ਪੂਰੀਆਂ ਹੋ ਗਈਆਂ, ਪਰ ਅਫਸੋਸ ਕਿ ਉਹ ਆਪ ਆਪਣੇ ਪ੍ਰੇਮੀ ਦੀਆਂ ਕਾਮਯਾਬੀਆਂ ਆਪਣੀਆਂ ਅਖਾਂ ਨਾਲ ਨਾ ਵੇਖ ਸਕੀ।
-੮੭-