ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਚ ਤੰਤ੍ਰ

ਦੂਜੇ ਜਦ ਅਸੀਂ ਉਸਨੂੰ ਪੜ੍ਹਕੇ ਸੋਚਿਆ ਤਾਂ ਮਲੂਮ ਹੋਯਾ ਜੋ ਇਹ ਰਾਜਨੀਤਿ ਤਾਂ ਬੇਸ਼ੱਕ ਫ਼ਾਰਸੀ ਵਿੱਚੋਂ ਤਰਜਮਾ ਕੀਤੀ ਗਈ ਹੈ ਪਰ ਅਸਲ ਵਿੱਚ ਤਾਂ ਫ਼ਾਰਸੀ ਦੀਆਂ ਕਿਤਾਬਾਂ ਬੀ ਸੰਸਕ੍ਰਿਤ ਵਿਚੋਂ ਹੀ ਨਿਕਲੀਆਂ ਹਨ ਇਸਲਈ ਇਹ ਤਰਜਮਾ ਭੀ ਸੰਸਕ੍ਰਿਤ ਵਿਚੋਂ ਹੀ ਫ਼ਾਰਸੀ ਵਿਖੇ ਹੋਯਾ ਹੋਵੇਗਾ॥

ਜਦ ਅਸਾਂ ਪੰਚਤੰਤ੍ਰ ਨੂੰ ਦੇਖਿਆ ਤਾਂ ਠੀਕ ਠੀਕ ਨਿਸਚੇ ਹੋ ਗਿਆ ਜੋ ਇੱਸੇ ਦਾ ਤਰਜਮਾ ਫ਼ਾਰਸੀ ਵਿਖੇ ਸੀ ਤੇ ਉਸਤੋਂ ਬੁਧਸਿੰਘ ਨੇ ਗੁਰਮੁਖੀ ਵਿਖੇ ਲਿਖਿਆ ਹੈ॥

ਹੁਣ ਅਸੀਂ ਇਸ ਬਾਤ ਨੂੰ ਇਥੇ ਕਹਿਣੀ ਕੁਝ ਬੁਰੀ ਨਹੀਂ ਸਮਝਦੇ ਕਿ ਏਹ ਪੰਚਤੰਤ੍ਰ ਰਾਜਨੀਤਿ ਕਿਸ ਪ੍ਰਕਾਰ ਫ਼ਾਰਸੀ ਵਿਖੇ ਲਿਖੀ ਗਈ ਸੀ॥

ਨੌਸ਼ੇਰਵਾਂ ਨਾਮੀ ਬਾਦਸ਼ਾਹ ਜੋ ਚੰਦ੍ਰਗੁਪਤ ਰਾਜਾ ਦੇ ਸਮੇਂ ਈਰਾਨ ਵਿੱਚ ਹੋਇਆ ਹੈ ਜਿਸ ਨੂੰ ਤੇਰਾਂ ਸੌ ਵਰ੍ਹੇ ਤੋਂ ਉੱਤੇ ਹੋਯਾ ਹੈ ਜਿਸ ਦੀ ਅਦਾਲਤ ਨੂੰ ਹਿੰਦੁਸਤਾਨੀ ਲੋਕ ਬਹੁਤ ਯਾਦ ਕਰਦੇ ਹਨ ਅਤੇ ਫ਼ਾਰਸੀ ਕਿਤਾਬਾਂ ਵਿਖੇ ਤਾਂ ਉਸਦਾ ਬੜਾ ਹੀ ਚਰਚਾ ਫੈਲਿਆ ਹੋਯਾ ਹੈ ਉਸਨੇ ਸੁਣਿਆਂ ਜੋ ਪੰਛੀਆਂ ਤੇ ਜਾਨਵਰਾਂ ਦੀ ਬੋੱਲੀ ਵਿਖੇ ਇਕ ਅਜੇਹੀ ਕਿਤਾਬ ਹਿੰਦੁਸਤਾਨ ਵਿਖੇ ਹੈ ਜੋ ਉਸਨੂੰ ਪੜ੍ਹਕੇ ਲੋਕ ਰਾਜਨੀਤਿ ਵਿਖੇ ਚਤੁਰ ਹੋਜਾਂਦੇ ਹਨ, ਇਸਲਈ ਨੌਸ਼ੇਰਵਾਂ ਨੇ ਵਰਜੋਆ ਨਾਮੀ ਵਿਦ੍ਵਾਨ ਨੂੰ ਹਿੰਦੁਸਤਾਨ ਵਿਖੇ ਭੇਜਿਆ ਤੇ ਉਸਨੇ ਪੰਚਤੰਤ੍ਰ ਦਾ ਤਰਜਮਾ (*[1]ਪਹਲਵੀ ਭਾਖਾ ਵਿਖੇ ਜੋ ਫ਼ਾਰਸੀ ਤੋਂ ਬੀ ਪਹਿਲੀ ਭਾਖਾ ਹੈ) ਕੀਤਾ ਜੋ ਅਜ ਤੀਕੂੰ ਉਸ ਭਾਖਾ ਵਿਖੇ ਮੌਜੂਦ ਹੈ॥

ਏਹੋ ਜੇਹੇ ਅਪੂਰਬ ਗ੍ਰੰਥ ਨੂੰ ਉਸ ਭਾਖਾ ਵਿਖੇ ਦੇਖਕੇ ਅਬੂਜਾਫ਼ਰ (ਜੋ ਮੁਹੰਮਦ ਦਾ ਪੁਤ੍ਰ ਤੇ ਅਬਦੁੱਲੇ ਦਾ ਪੋਤ੍ਰਾ, ਅਰ ਅਬਾਸ ਦਾ ਪੜਪੋਤ੍ਰਾ ਸਾ) ਉਸਨੇ ਮਕਨਾ ਦੇ ਪੁਤ੍ਰ ਇਮਾਮ ਅੱਬੁਲਹਸਨ ਅਬਦੁੱਲਹ ਨੂੰ ਆਗਯਾ ਦੇ ਕੇ ਅਰਬੀ ਭਾਖਾ ਵਿਖੇ ਇਸ ਦਾ ਤਰਜਮਾ ਕਰਾਯਾ॥


  1. *ਯੰਦ ਤੇ ਪਹਲਵੀ ਦੋ ਭਾਖਾ ਪੁਰਾਨੀਆਂ ਹਨ ਓਹ ਇਮਤਿਹਾਨਾਂ ਵਿੱਚ ਰੱਖੀਆਂ ਹੋਈਆਂ ਹਨ॥