ਪੰਨਾ:ਪੰਚ ਤੰਤ੍ਰ.pdf/243

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਥਾ ਤੰਤ੍ਰ

੨੩੫


ਦੁਤੀ ਯੂਧਿਸਟਰ ਵਤ ਸੋਈ ਸਵਾਰਥ ਤੇ ਗਿਰਜਾਤ॥੩੯॥ ਸੰਸਾਰ ਨੇ ਪੁਛਿਆ ਏਹ ਬਾਤ ਕਿਸ ਤਰਾਂ ਹੈ ਬਾਂਦਰ ਬੋਲਿਆ ਸੁਨ:-੪ ਕਥਾ।। ਕਿਸੇ ਸ਼ਹਿਰ ਵਿਖੇ ਕੁੰਭਿਆਰ ਰਹਿੰਦਾ ਸੀ, ਇੱਕ ਦਿਨ ਓਹ ਅਲਗਰਜੀ ਕਰਕੇ ਛੇਤੀ ਨਾਲ ਦੌੜਦਾ ਹੋਯਾ ਅਧੇ ਟੁੱਟੇ ਹੋਏ ਘੜੇ ਦੇ ਗਲ ਉਪਰ ਡਿਗ ਪਿਆ ਓਸ ਖੋਪਰ ਦੀ ਨੋਕ ਨਾਲ ਉਸਦਾ ਮੱਥਾ ਪਾਟ ਗਿਆ ਤੇ ਲਹੂ ਵਗਨ ਲਗਾ ਬੜੇ ਜਤਨ ਨਾਲ ਉੱਥੋਂ ਉੱਠਕੇ ਅਪਨੇ ਮਕਾਨ ਪਰ ਗਿਆ।। ਉਸ ਚੋਟ ਦੇ ਨਾਂ ਦਵਾਈ ਕਰਨ ਕਰਕੇ ਓਹ ਵੱਡਾ ਘਾ ਹੋ ਗਿਆ ਪਰ ਬੜੀ ਦੇਰ ਨਾਲ ਰਾਜੀ ਹੋ ਗਿਆ ਇਸਤੋਂ ਪਿਛੇ ਕਾਲ ਪੈਨ ਕਰਕੇ ਓਹ ਕੁੰਭਿਆਰ ਭੁੱਖ ਦਾ ਮਾਰਿਆ ਸਿਪਾਹੀਆਂ ਨਾਲ ਰਲਕੇ ਪਰਦੇਸ ਵਿਖੇ ਜਾਕੇ ਕਿਸੇ ਰਾਜਾ ਪਾਸ ਨੌਕਰ ਰਿਹਾ।। ਉਸ ਰਾਜਾ ਨੇ ਉਸਦੇ ਮੱਥੇ ਉਪਰ ਜ਼ਖ਼ਮ ਦੇਖਕੇ ਸੋਚਿਆ ਜੋ ਏਹ ਕੋਈ ਜੋਧਾ ਹੈ ਕਿਉਂ ਜੋ ਇਸਨੇ ਸਾਮਨੇ ਹੋਕੇ ਚੋਟ ਖਾਧੀ ਹੈ। ਇਸੇ ਲਈ ਓਹ ਰਾਜਾ ਹੋਰਨਾਂ ਜੋਧਆਂ ਵਿੱਚੋਂ ਉਸਦਾ ਬੜਾ ਆਦਰ ਕਰਦਾ ਸੀ। ਹੋਰ ਸਾਰੇ ਜੋਧਾ ਉਸਦੇ ਉਪਰ ਰਾਜੇ ਦੀ ਕ੍ਰਿਪਾ ਨੂੰ ਦੇਖ ਕੇ ਬੜੇ ਦੁਖੀ ਹਨ। ਪਰ ਰਾਜਾ ਦੇ ਭੈ ਕਰਕੇ ਕੁਝ ਨਾ ਬੋਲਨ ਕਿਸੇ ਦਿਨ ਰਾਜਾ ਨੇ ਯੁੱਧ ਦੀ ਤਿਯਾਰੀ ਪਾਕੇ, ਸਾਰੇ ਜੋਧੇ ਸਜਾਕੇ, ਹਾਥੀ ਘੋੜੇ ਤਿਆਰ ਕਰਾਕੇ ਏਕਾਂਤ ਵਿੱਚ ਜਾ ਕੇ ਉਸ ਕੁੰਭਿਆਰ ਨੂੰ ਪੁੱਛਿਆ ਤੇਰਾ ਕੀ ਨਾਮ ਹੈ ਅਰ ਕੀ ਜਾਤ ਹੈ ਅਤੇ ਕਿਸ ਲੜਾਈ ਵਿੱਚ ਏਹ ਚੋਟ ਤੇਰੇ ਮੱਥੇ ਤੇ ਲੱਗੀ ਹੈ। ਓਹ ਬੋਲਿਆਂ ਹੈ ਸਵਾਮੀ ਏਹ ਹਥਿਆਰ ਦੀ ਚੋਟ ਨਹੀਂ ਮੈਂ ਕੁੰਭਿਆਰ ਹਾਂ ਮੇਰੇ ਘਰ ਵਿੱਚ ਬਹੁਤ ਸਾਰੇ ਟੁੱਟਿਆਂ ਹੋਯਾਂ ਘੜਿਆਂ ਦੇ ਖੋਪਰ ਪਏ ਸਾਨ ਇੱਕ ਦਿਨ ਸ਼ਰਾਬ ਪੀਕੇ ਦੌੜਦਾ ੨ ਉੱਥੇ ਡਿੱਗ ਪਿਆ ਸਾਂ ਉਸ ਚੋਟ ਦਾ ਨਿਸ਼ਾਨ ਮੇਰੇ ਮੱਥੇ ਤੇ ਲੱਗਾ ਹੋਯਾ ਹੈ॥ ਇਹ ਬਾਤ ਸੁਨ ਕੇ ਰਾਜਾ ਬੋਲਿਆ ਅਹੋ ਇਸ ਰਾਜਪੁਤ੍ਰਾਂ ਦੇ ਚਿਹਨ ਵਾਲੇ ਕੁੰਭਿਆਰ ਨੇ ਮੈਨੂੰ ਠੱਗ ਲਿਆ ਸੋ ਇਸ ਨੂੰ ਗਲਹੱਥਾ ਦੇਕੇ ਕਢ ਦੇਓ। ਧੱਕੇ ਮਿਲਦਿਆਂ ਕੂਲਾਲ ਨੇ ਆਖਿਆ ਮੈਨੂੰ ਧੱਕੇ ਨਾ ਦੇਵੋ ਤੇ ਮੇਰੀ ਬਹਾਦਰੀ ਤਾਂ ਦੇਖੋ। ਇਹ ਸੁਨ ਰਾਜਾ ਬੋਲਿਆ ਆਪ ਸਬਨਾਂ ਗੁਨਾਂ ਕਰਕੇ ਯੁਕਤ ਹੋ ਤਾਂ ਬੀ ਇੱਥੋਂ ਚਲੇ ਜਾਓ॥ ਕਿਹਾ ਹੈ:-