ਪੰਨਾ:ਪੰਚ ਤੰਤ੍ਰ.pdf/50

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੨

ਪੰਚ ਤੰਤ੍ਰ

ਓਹ ਅਖੀਆਂ ਤੋਂ ਓਹਲੇ ਹੋਯਾ ਤਾਂ ਆਖਾਢ ਭੂਤਿ ਮਾਤ੍ਰਾ ਨੂੰ ਲੈ ਕੇ ਰਵੰਨਾ ਹੋਯਾ। ਦੇਵਸਰਮਾ ਜੋ ਚੇਲੇ ਦੇ ਗੁਣਾਂ ਕਰਕੇ ਪ੍ਰਸੰਨ ਚਿੱਤ ਹੋਯਾ ਹੋਯਾ ਅਤੇ ਉਸਤੇ ਵਿਸਾਹ ਕਰਕੇ ਜਿਵੇਂ ਜੰਗਲ ਬੈਠਾ ਤਾਂ ਕੀ ਦੇਖਦਾ ਹੈ ਜੋ ਸੋਨੇ ਵਰਗੇ ਰੋਮ ਵਾਲੇ ਛਤ੍ਰਿਆਂ (ਮੇਢਿਆਂ) ਦਾ ਜੁੱਧ ਹੁੰਦਾ ਹੈ ਅਤੇ ਓਹ ਦੋਵੇਂ ਕ੍ਰੋਧ ਦੇ ਨਾਲ ਪਿਛੇ ਹਟਕੇ ਜੋ ਆਪਸ ਵਿਖੇ ਟੱਕਰਾਂ ਲੜਦੇ ਹਨ ਇਸ ਕਰਕੇ ਉਨ੍ਹਾਂ ਦੇ ਸਿਰਾਂ ਵਿਚੋਂ ਬਹੁਤ ਸਾਰਾ ਲਹੂ ਡਿੱਗਿਆ, ਤਾਂ ਇਕ ਗਿੱਦੜ ਜੁਬਾਨ ਦੇ ਸਵਾਦ ਕਰਕੇ ਉੱਥੇ ਆਕੇ ਲੋਹੂ ਚੱਟਨ ਲਗਾ। ਦੇਵਸਰਮਾ ਨੇ ਉਸਨੂੰ ਦੇਖਕੇ ਸੋਚਿਆ ਕਿ ਏਹ ਗਿੱਦੜ ਬੜਾ ਮੂਰਖ ਹੈ ਜੇ ਕਦੇ ਇਨ੍ਹਾਂ ਦੀ ਟੱਕਰ ਦੇ ਵਿੱਚ ਆ ਗਿਆ ਤਾਂ ਜ਼ਰੂਰ ਮਰ ਜਾਏਗਾ, ਇਤਨੇ ਚਿਰ ਵਿਖੇ ਓਚ ਗਿੱਦੜ ਲੋਹੂ ਚੱਟਨ ਦੇ ਸੁਆਦ ਕਰਕੇ ਉਨ੍ਹਾਂ ਦੇ ਵਿੱਚ ਆਯਾ ਤੇ ਟੱਕਰ ਖਾਕੇ ਮਰ ਗਿਆ॥ ਦੇਵਸਰਮਾ ਉਸ ਗਿੱਦੜ ਨੂੰ ਸੋਚਦਾ ਹੋਯਾ ਤੇ ਜਿਉਂ ਤੁਰਿਆ ਤਿਉਂ ਆਖਾਢ ਭੂਤਿ ਨੂੰ ਨਾ ਦੇਖਿਆ ਤਾਂ ਉਤਸਾਹ ਨਾਲ ਛੇਤੀ ਹੱਥ ਪੈਰ ਧੋ ਕੇ ਗੋਦੜੀ ਨੂੰ ਦੇਖਨ ਲਗਾ ਤਾਂ ਓਹ ਮਾਤ੍ਰਾ ਨਾ ਲੱਭੀ, ਤਦ ਹਾਇ ਹਾਇ ਮੈਂ ਲੁੱਟਿਆ ਗਿਆ! ਇਸ ਪ੍ਰਕਾਰ ਕਹਿਕੇ ਮੂਰਛਾ ਹੋ ਕੇ ਪ੍ਰਿਥਵੀ ਤੇ ਡਿੱਗ ਪਿਆ॥ਥੋੜੀ ਦੇਰੀ ਦੇ ਬਾਦ ਸੁੱਧ ਵਿਖੇ ਆਕੇ ਹਾਹੁਕੇ ਮਾਰਨ ਲਗਾ॥ ਹੇ ਆਖਾਢ ਭੂਤਿ ਮੈਨੂੰ ਠੱਗਕੇ ਤੂੰ ਕਿੱਥੇ ਗਿਆ ਹੈ, ਮੈਨੂੰ ਉਤਰ ਤਾਂ ਦੇਹ,ਇਸ ਪ੍ਰਕਾਰ ਬਹੁਤ ਸਾਰਾ ਵਿਰਲਾਪ ਕਰਕੇ ਉਸਦਾ ਖੁਰਾ ਲੈਕੇ ਤੁਰ ਪਿਆ ਇਸ ਪ੍ਰਕਾਰ ਉਸਨੂੰ ਢੂੰਡਦਿਆਂ ਸੰਧਯਾ ਦੇ ਸਮੇਂ ਕਿਸੇ ਪਿੰਡ ਵਿਖੇ ਜਾ ਪੁੱਜਾ॥ ਉਸ ਪਿੰਡ ਵਿਚੋਂ ਇਕ ਕੌਲਕ (ਸ਼ੂਦ੍ਰ ਜਾਤਿ) ਆਪਣੀ ਤੀਮੀ ਦੇ ਸਮੇਤ ਸ਼ਰਾਬ ਪੀਨ ਲਈ ਪਾਸ ਦੇ ਪਿੰਡ ਨੂੰ ਤੁਰਿਆ ਸੀ ਦੇਵਸਰਮਾ ਨੇ ਉਸਨੂੰ ਦੇਖਕੇ ਆਖਿਆ ਹੇ ਭਲੇ ਲੋਕਾ! ਮੈਂ ਅਥਿਤਿ ਤੇਰੇ ਪਾਸ ਆਯਾ ਹਾਂ ਅਤੇ ਪਿੰਡ ਵਿਖੇ ਕਿਸੇ ਨੂੰ ਜਾਣਦਾ ਨਹੀਂ ਇਸ ਲਈ ਤੂੰ ਅਥਿਤਿ ਦੇ ਧਰਮ ਨੂੰ ਅੰਗੀਕਾਰ ਕਰ ਅਰਥਾਤ ਮੈਨੂੰ ਭੋਜਨ ਅਰ ਨਿਵਾਸ ਦੇਹ॥ ਕਿਹਾ ਬੀ ਹੈ॥ ਯਥਾ:-

ਦੋਹਰਾ॥ ਜੋ ਅਤਿੱਥ ਸੰਧਯਾ ਸਮੇ ਘਰ ਗ੍ਰਿਸਤੀ ਕੇ ਆਇ।

ਤਾਂ ਕੀ ਪੂਜਾ ਕੇ ਕੀਏ ਹੀ ਦੇਵ ਹੈ ਜਾਇ॥੧੮੩॥

ਆਸਨ ਭੂਮੀ ਅਵਰ ਜਲ ਚੌਥੀ ਮੀਠੀ ਬਾਤ॥