ਪੰਨਾ:ਪੰਚ ਤੰਤ੍ਰ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੬

ਪੰਚ ਤੰਤ੍ਰ

ਗਿੱਦੜ ਸੇ। ਇਕ ਦਿਨ ਉਨ੍ਹਾਂ ਨੇ ਫਿਰਦਿਆਂ ਸਾਥ ਤੋਂ ਵਿਛੜਿਆ ਹੋਯਾ ਕ੍ਰਥਨਕ ਨਾਮੀ ਊਠ ਦੇਖਿਆ।। ਸ਼ੇਰ ਨੇ ਕਿਹਾ ਏਹ ਤਾਂ ਅਪੂਰਬ ਜੀਵ ਹੈ, ਭਈ ਮਲੂਮ ਕਰੋ ਕਯਾ ਏਹ ਬਨ ਦਾ ਜਾਨਵਰ ਹੈ ਅਥਵਾ ਨਗਰ ਵਾਸੀ ਹੈ? ਕਾਂਗ ਬੋਲਿਆ ਹੈ ਸ੍ਵਾਮੀ! ਇਹ ਜੀਵ ਨਗਰ ਵਾਸੀ ਹੈ ਅਤੇ ਇਸਦਾ ਨਾਮ ਊਠ ਹੈ, ਅਤੇ ਇਹ ਆਪ ਦੇ ਖਾਣੇ ਦੇ ਜੋਗ ਹੈ ਆਪ ਇਸਨੂੰ ਮਾਰੋ॥ ਸ਼ੇਰ ਬੋਲਿਆ ਮੈਂ ਇਸ ਘਰ ਆਏ ਨੂੰ ਨਹੀਂ ਮਾਰਦਾ॥ ਕਿਹਾ ਹੈ:―

ਦੋਹਰਾ॥ ਰਾਖ ਭਰੋਸਾ ਡਾਰ ਡਰ ਘਰ ਮੇਂ ਸੁਤ੍ਰ ਜੋ ਆਤ॥

ਤਾਂਕੋ ਮਾਰੇ ਹੋਤ ਤਿਸ ਸੌ ਬ੍ਰਾਹਮਨ ਕੋ ਘਾਤ॥੩੧੯॥

ਇਸ ਲਈ ਤੁਸੀਂ ਇਸਦਾ ਖੌਫ਼ ਦੂਰ ਕਰਕੇ ਮੇਰੇ ਪਾਸ ਲੈ ਆਓ, ਜੋ ਮੈਂ ਇਸ ਕੋਲੋਂ ਇਥੇ ਆਉਣ ਦਾ ਪ੍ਰਯੋਜਨ ਪੁਛਾਂ, ਤਦ ਉਨ੍ਹਾਂ ਉਸਨੂੰ ਨਿਰਭੈ ਕਰਕੇ ਸ਼ੇਰ ਪਾਸ ਆਂਦਾ ਅਰ ਓਹ ਆ ਕੇ ਪ੍ਰਨਾਮ ਕਰਕੇ ਬੈਠ ਗਿਆ ਸ਼ੇਰ ਨੇ ਉਸਦੇ ਆਉਣ ਦਾ ਸਬਬ ਪੁਛਿਆ, ਅਰ ਉਸਨੇ ਸਾਰਾ ਆਪਣਾ ਬ੍ਰਿਤਾਂਤ ਸਾਥ ਤੋਂ ਵਿਛੜਨ ਦਾ ਸੁਨਾਯਾ, ਸ਼ੇਰ ਨੇ ਕਿਹਾ ਹੈ ਕ੍ਰਥਨਕ! ਹੁਣ ਤੂੰ ਨਗਰ ਵਿਖੇ ਜਾ ਕੇ ਭਾਰ ਚਕਨ ਦਾ ਦੁਖ ਨਾ ਭੋਗ, ਅਰ ਮੇਰੇ ਪਾਸ ਰਹਿਕੇ ਬਨਾਸਪਤਿ ਦੇ ਨਰਮ ਪਤ੍ਰਾਂ ਨੂੰ ਖਾਹ, ਉਸਨੇ ਇਸ ਬਾਤ ਨੂੰ ਪ੍ਰਵਾਨ ਕੀਤਾ ਅਰ ਉਸ ਬਨ ਬਿਖੇ ਨਿਰਭੈ ਹੋਕੇ ਰਹਿਨ ਲਗਾ॥

ਇਕ ਦਿਨ ਉਸ ਸ਼ੇਰ ਦਾ ਕਿਸੇ ਬੜੇ ਮਸਤ ਹਾਥੀ ਨਾਲ ਯੁੱਧ ਹੋਧਾ ਅਰ ਉਸ ਹਾਥੀ ਦੇ ਮੋਹਲੇ ਵਰਗੇ ਦੰਦਾਂ ਦੀ ਪ੍ਰਾਹਰ ਨਾਲ ਪ੍ਰਾਣਾਂ ਤੋਂ ਬਚ ਗਿਆ ਪਰ ਉਠਨ ਦੀ ਹਿੱਮਤ ਨਾ ਰਹੀ, ਇਸ ਹਾਲ ਨੂੰ ਦੇਖਕੇ ਸ਼ੇਰ ਨੇ ਕਿਹਾ ਭਾਈ ਕੋਈ ਜੀਵ ਤੁਸੀਂ ਢੂੰਡੋ ਮੈਂ ਇਸ ਅਵਸਥਾ ਵਿਖੇ ਬੀ ਉਸਨੂੰ ਮਾਰਕੇ ਆਪ ਨੂੰ ਭੋਜਨ ਕਰਾਵਾਂ,ਜਦ ਓਹ ਸਾਰੇ ਰਲਕੇ ਢੂੰਡਨ ਲਗੇ ਪਰ ਕੋਈ ਜੀਵ ਉਨਾਂ ਨੂੰ ਨਾ ਲੱਭਾ,ਤਦ ਕਾਂ ਅਤੇ ਗਿੱਦੜ ਆਪਸ ਵਿਖੇ ਸਲਾਹ ਕਰਨ ਲੱਗੇ, ਗਿੱਦੜ ਬੋਲਿਆ ਹੈ ਕਾਂਗ ਕਿਉਂ ਪਏ ਖਰਾਬ ਹੁੰਦੇ ਹੋ ਏਹ ਕ੍ਰਥਨਕ ਨਾਮੀ ਉਠ ਸਾਡੇ ਸ੍ਵਾਮੀ ਤੇ ਵਿਸਾਹ ਕਰ ਬੈਠਾ ਹੈ ਇਸੇ ਨੂੰ ਮਾਰਕੇ ਭੋਜਨ ਕਰੋ ਕਾਂਗ ਬੋਲਿਆ ਇਹ ਗੱਲ ਤਾਂ ਠੀਕ ਹੈ ਪਰ ਸਾਡੇ ਸ੍ਵਾਮੀ ਨੇ ਇਸ ਨੂੰ ਅਭਯ ਦਾਨ ਦਿੱਤਾ ਹੈ ਇਸ ਲਈ ਓਹ ਇਸਨੂੰ ਨਹੀਂ ਮਾਰੇਗਾ॥