ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੋ ਸ਼ਬਦ

ਕੈਦੇ ਨਾਲ ਵਾਹ-ਵਾਸਤਾ ਹਰ ਕਿਸੇ ਦਾ ਵਿੱਦਿਆ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਪੈ ਜਾਂਦਾ ਹੈ। ਹਰ ਸਿੱਖਿਆਰਥੀ ਸਭ ਤੋਂ ਵੱਧ ਕੈਦਾ ਹੀ ਵਾਚਦਾ, ਨਿਰਖਦਾ ਪੜ੍ਹਦਾ ਅਤੇ ਪਾੜਦਾ ਹੈ। ਕੈਦਾ ਨਿਰਾ ਅੱਖਰ ਗਿਆਨ ਹੀ ਨਹੀਂ ਦਿੰਦਾ, ਸਗੋਂ ਇਹ ਸਫਲ ਜ਼ਿੰਦਗੀ ਜਿਊਣ ਦੀਆਂ ਸਾਫ਼-ਸੁਥਰੀਆਂ ਕਦਰਾਂ ਕੀਮਤਾਂ ਵੀ ਸਿਖਾਉਂਦਾ ਹੈ। ਸਭ ਤੋਂ ਵੱਧ ਉਪਦੇਸ਼ ਤੇ ਸਿੱਖਿਆਵਾਂ ਕੈਦਾ ਹੱਥ ਵਿਚ ਫੜਨ ਨਾਲ ਹੀ ਗ੍ਰਹਿਣ ਕਰਨੀਆਂ ਪੈਂਦੀਆਂ ਹਨ ਜਿਵੇਂ:- ਕੈਦਾ ਪਾੜਨਾ ਨੀ, ਗੰਦਾ ਨੀ ਕਰਨਾ, ਕਾਟੇ-ਆਟੇ ਨੀ ਮਾਰਨੇ, ਮੋਸਣਾ ਨੀ, ਕਢਾ ਕੇ ਨੀ ਆਉਣਾ ਆਦਿ।

ਕੈਦੇ ਦੇ ਆਪਣੇ ਕਾਨੂੰਨ ਹਨ ਜੋ ਘਰੇਲ ਕਾਨੂੰਨਾਂ ਤੋਂ ਵੱਖਰੇ ਹੁੰਦੇ ਹਨ। ਜਿਵੇਂ ਊੜਾ-ਊਠ ਹੁੰਦਾ ਹੈ ਬੋਤਾ ਨਹੀਂ। ਮੱਝ ਗਾਂ ਖੁਰਲੀ ਹੁੰਦੀ ਹੈ, ਮੈਂਸ, ਬੈੜ੍ਹੀ ਖੁਲ਼ਲੀ ਨਹੀਂ ਹੁੰਦੀ। ਕੈਦਾ ਕਿਤਾਬਾਂ ਨਾਲ ਜੁੜਨ ਦਾ ਪਹਿਲਾ ਸਬੱਬ ਹੈ। ਜੋ ਜਾਣ-ਪਛਾਣ ਦੀਆਂ ਵਸਤਾਂ ਦੀਆਂ ਤਸਵੀਰਾਂ ਦੇ ਨਾਲ ਉਸਦੇ ਅੱਖਰਾਂ ਦਾ ਵੀ ਗਿਆਨ ਕਰਵਾਉਂਦਾ ਹੈ। ਕੈਦਾ ਜਿੰਨਾ ਰੰਗਦਾਰ ਹੁੰਦਾ ਹੈ ਉਨਾ ਹੀ ਦਿਲਕਸ਼ ਹੁੰਦਾ ਹੈ, ਹਰ ਕਿਸੇ ਨੂੰ ਆਪਣੇ ਵੱਲ ਖਿੱਚਦਾ ਹੈ। ਕੈਦੇ ਦੇ ਪਾਠਕ ਘੱਟ ਤੇ ਦਰਸ਼ਕ ਜ਼ਿਆਦਾ ਹੁੰਦੇ ਹਨ। ਕੈਦਾ ਹੀ ਹਰ ਉਮਰ ਦੇ ਮਨੁੱਖ ਨੂੰ ਆਪਣੇ ਵੱਲ ਖਿੱਚਣ ਦੀ ਤਾਕਤ ਰੱਖਦਾ ਹੈ।

ਕੈਦਾ ਜਿੰਨਾ ਸਰਲ ਤੇ ਸਪਸ਼ਟ ਹੁੰਦਾ ਹੈ ਉਨਾ ਹੀ ਵਧੇਰੇ ਅਸਰਦਾਰ ਹੁੰਦਾ ਹੈ। ਲੱਖਾਂ-ਕਰੋੜਾਂ ਪੁਸਤਕਾਂ ਵਿੱਚੋਂ ਸਭ ਤੋਂ ਵੱਧ ਕੈਦਾ ਹੀ ਰਟਿਆ ਜਾਂਦਾ ਹੈ। ਕੈਦਾ ਜੁੱਗਾਂ ਤੋਂ ਮਨੁੱਖ ਦੇ ਨਾਲ-ਨਾਲ ਤੁਰਿਆ ਆ ਰਿਹਾ ਤੇ ਜੱਗਾਂ ਤੀਕਰ ਹੀ ਤੁਰਦਾ ਜਾਵੇਗਾ। ਕੈਦਾ ਸੂਰਜ ਹੈ, ਪੁਸਤਕਾਂ ਉਸਦੀਆਂ ਕਿਰਨਾਂ ਤੇ ਗਿਆਨ ਉਸਦੀ ਧੁੱਪ ਹੈ। ਕੈਦੇ ਬਿਨਾਂ ਕਿਸੇ ਵੀ ਲਾਇਬ੍ਰੇਰੀ ਦੀ ਸੰਪੂਰਨਤਾ ਨਹੀਂ ਮੰਨੀ ਜਾ ਸਕਦੀ। ਕੈਦਿਆਂ ਦੀਆਂ ਲਿਪੀਆਂ ਵੱਖੋ-ਵੱਖਰੀਆਂ ਹੋ ਸਕਦੀਆਂ ਹਨ ਪਰ ਉਦੇਸ਼ ਸਭਨਾਂ ਦਾ ਇਕ ਹੈ। ਕੈਦਾ ਕਿਸੇ ਵੀ ਭਾਸ਼ਾ ਨੂੰ ਸਿੱਖਣ ਦਾ ਪਹਿਲਾ ਪੜਾਅ ਹੈ। ਹਰ ਆਦਮੀ ਦੇ ਹਿੱਸੇ ਕਈ-ਕਈ ਕੈਦੇ ਆਏ ਹਨ। ਕੈਦੇ ਬਿਨਾ ਸਕੂਲਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕੈਦਾ ਹਰ ਘਰ ਵਿੱਚ ਬਿਰਾਜਮਾਨ ਹੈ। ਕੈਦਾ ਅਜਰ ਅਮਰ ਹੈ। ਕੈਦਾ ਵਿਸ਼ਵ ਵਿਖਿਆਤ ਹੈ।

ਪੰਜਾਬੀ ਕੈਦਾ-6