ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੩ )

ਚਿੱਟੀਆਂ ਖਿੜੀਆਂ ਹੋਈਆਂ ਪੰਜ ਖੰਭੜੀਆਂ ਹਨ। ਖੰਭੜੀਆਂ ਨੂੰ ਚੰਗੀ ਤਰ੍ਹਾਂ ਵੇਖੋ, ਤਾਂ ਉਨ੍ਹਾਂ ਪੁਰ ਅਨੇਕ ਨਿਕੀਆਂ ਨਿਕੀਆਂ ਚਿੱਠੀਆਂ ਦਿੱਸਣਗੀਆਂ, ਇਹ ਤੇਲ ਨਾਲ ਭਰੀਆਂ ਹੋਈਆਂ ਨਿਕੀ ਨਿਕੀਆਂ ਥੈਲੀਆਂ ਹਨ। ਫੁੱਲਾਂ ਵਿੱਚੋਂ ਜੋ ਤ੍ਰਿੱਖੀ ਸੁਗੰਧ ਨਿਕਲਦੀ ਹੈ, ਉਹ ਇਸੇ ਤੇਲ ਵਿੱਚੋਂ ਆਉਂਦੀ ਹੈ। ਖੰਭੜੀਆਂ ਦੇ ਅੰਦਰ ਨਿਕੀਆਂ ਨਿੱਕੀਆਂ ਵਸਤਾਂ ਖਲੋਤੀਆਂ ਹੁੰਦੀਆਂ ਹਨ, ਜਿੱਕੁਰ ਸੂਤ ਦੇ ਟੁਕੜੇ, ਇਨ੍ਹਾਂ ਨੂੰ ਜ਼ੀਰਾ ਕਹਿੰਦੇ ਹਨ, ਇਨ੍ਹਾਂ ਦੇ ਕਈ ਕਈ ਗੁੱਛੇ ਹੁੰਦੇ ਹਨ। ਹਰ ਜ਼ੀਰੇ ਦੇ ਸਿਰੇ ਪੁਰ ਪੀਲੀ ਪੀਲੀ ਕੁੰਡੀ ਹੈ, ਉਸ ਵਿੱਚ ਮਹੀਨ ਮਹੀਨ ਪਰਾਗ ਹੁੰਦੀ ਹੈ, ਜਿਸਦਾ ਵਰਨਣ ਮਧੁਮੱਖੀ ਦੇ ਬ੍ਰਿਤਾਂਤ ਵਿਖੇ ਆਇਆ ਸੀ। ਜੇ ਖੰਭੜੀਆਂ ਅਤੇ ਜ਼ੀਰਾ ਕੱਢ ਲਓ, ਤਾਂ ਵਿਚਕਾਰਲਾ ਭਾਗ ਦਿੱਸੇਗਾ, ਅੰਗ੍ਰੇਜ਼ੀ ਵਿਖੇ ਇਸਨੂੰ ਪਿਸਟਲ ਕਹਿੰਦੇ ਹਨ, ਇੱਸੇ ਤੋਂ ਆਪਣੇ ਵੇਲੇ ਸਿਰ ਫਲ ਬਣਦਾ ਹੈ। ਪਿਸਟਲ ਨੂੰ ਕੱਟੋ, ਤਾਂ ਹੇਠਾਂ ਨੂੰ ਨਿਕੇ ਨਿਕੇ ਖ਼ਾਨੇ ਪ੍ਰਤੀਤ ਹੁੰਦੇ ਹਨ, ਅਤੇ ਹਰ ਖ਼ਾਨੇ ਵਿਖੇ ਨਿਕੇ ਨਿਕੇ ਬੀਉ ਦਿੱਸਣਗੇ। ਪਰਾਗ ਨਾ ਹੁੰਦੀ ਤਾਂ ਪਿਸਟਲ ਤੇ ਨਰੰਗੀ ਨਾ ਬਣਦੀ, ਪਰ ਇਸਦੀ ਵਾਰਤਾ ਅਗਲੀ ਪੁਸਤਕ ਵਿਖੇ ਆਇਗੀ॥