ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੬ )

ਮਲਾਕਾ ਇਕ ਦੇਸ ਹੈ, ਉੱਥੇ ਦੇ ਲੋਕ ਇੱਕ ਹੋਰ ਹੀ ਉਪਾਇ ਕਰਦੇ ਹਨ, ਕਾਂਪੇ' ਦੀ ਤਰ੍ਹਾਂ ਇਕ ਚੰਬੜਨ ਵਾਲੀ ਵਸਤ ਲੈਕੇ ਉਸ ਵਿਖੇ ਮਹੁਰਾ ਰਲਾਉਂਦੇ ਹਨ, ਮੁੜ ਉਸ ਨੂੰ ਚੋੜਿਆਂ ਚੌੜਿਆਂ ਪੱਤਿਆਂ ਪੁਰ ਮਲਦੇ ਹਨ, ਅਤੇ ਸ਼ੀਂਹ ਦੇ ਰਾਹ ਵਿਖੇ ਵਿਛਾ ਦਿੰਦੇ ਹਨ। ਜਦ ਉਹ ਓਧਰ ਨੂੰ ਆਉਂਦਾ ਹੈ, ਅਤੇ ਪੱਤਿਆਂ ਉਪਰ ਪੈਰ ਰੱਖਦਾ ਹੈ ਤਾਂ ਇਕ ਅੱਧਾ ਪੱਤਾ ਉਸ ਦੇ ਪੰਜੇ ਨਾਲ ਚੰਬੜ ਜਾਂਦਾ ਹੈ, ਉਹ ਉਸਨੂੰ ਦੂਜੇ ਪੰਜੇ ਨਾਲ ਲਾਹੁਣਾ ਚਾਹੁੰਦਾ ਹੈ, ਤਾਂ ਹੋਰ ਪੱਤੇ ਪੰਜਿਆਂ ਨਾਲ ਚੰਬੜ ਜਾਂਦੇ ਹਨ। ਸ਼ੀਂਹ ਔਖਾ ਹੋ ਕੇ ਪੰਜਿਆਂ ਨੂੰ ਮੂੰਹ ਨਾਲ ਮਲਦਾ ਹੈ, ਉਸ ਨਾਲ ਮੂੰਹ ਉੱਤੇ ਬੀ ਪੱਤੇ ਲੱਗ ਜਾਂਦੇ ਹਨ। ਖਿੱਝਕੇ ਧਰਤੀ ਪੁਰ ਲੋਟਣ ਲਗਦਾ ਹੈ, ਫੇਰ ਤਾਂ ਸਾਰੇ ਸਰੀਰ ਪੁਰ ਪੱਤੇ ਚੰਬੜ ਜਾਂਦੇ ਹਨ, ਅਤੇ ਜਾਂ ਸਰੀਰ ਨੂੰ ਖੁਰਕਦਾ ਅਤੇ ਰਗੜਦਾ ਹੈ, ਤਾਂ ਓਹ ਬਿਖ ਭਰਿਆ ਕਾਂਪਾ ਕੁਝ ਅੱਖਾਂ ਵਿਖੇ ਪੈ ਜਾਂਦਾ ਹੈ, ਤਾਂ ਸ਼ੀਂਹ ਅੰਨ੍ਹਾਂ ਹੋ ਜਾਂਦਾ ਹੈ, ਓੜਕ ਨੂੰ ਪੀੜ ਨਾਲ ਦੁਖੀ ਹੋਕੇ ਅੜਾਉਂਦਾ ਹੈ, ਸ਼ਿਕਾਰੀ ਬੀ ਆਸ ਪਾਸ ਤਾੜਦੇ ਰਹਿੰਦੇ ਹਨ, ਖੜਕਾ ਸੁਣਦੇ ਸਾਰ ਪਹੁੰਚਦੇ ਹਨ, ਅਤੇ ਵਿਚਾਰੇ ਦਾ ਕੰਮ ਪੂਰਾ ਕਰ ਦਿੰਦੇ ਹਨ॥