ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੫ )

ਧ੍ਰਿਕਾਰਾਂ ਦਿੱਤੀਆਂ ਸਨ, ਤਿਸ ਨੂੰ ਸਮਝਾਇਆ “ਭਈ, ਜਿਸ ਹਾਲ ਵਿੱਚ ਤੈਨੂੰ ਕਰਤਾਰ ਨੇ ਰੱਖਿਆ ਹੋਇਆ ਸੀ ਜੇ ਉੱਸੇ ਵਿੱਚ ਰਾਜ਼ੀ ਰਹਿੰਦੋਂ, ਤਾਂ ਆਪ ਵੱਡਿਆਂ ਦੇ ਡੰਡ ਅਰ ਭਾਈਚਾਰੇ ਦੇ ਛੇਕਣੋਂ ਅਤੇ ਧਿਕਾਰਾਂ ਖਾਣੁਂ ਅਤੇ ਨਿਰਾਦਰੀ ਥੋਂ ਤਾਂ ਬਚਿਆਂ ਰਹਿੰਦੋਂ”॥

(੫੨) ਹੰਕਾਰ॥

ਆਪਣੇ ਆਪ ਨੂੰ ਵੱਡਾ ਜਾਨਣਾ ਅਤੇ ਦੂਸਰੇ ਨੂੰ ਤੁੱਛ ਸਮਝਣਾ ਹੁੰਕਾਰ ਸਦਾਉਂਦਾ ਹੈ। ਭਾਵੇਂ ਸਾਡੇ ਵਿੱਚ ਕਈ ਗੁਣ ਹੋਣ, ਸਾਨੂੰ ਲੋਕਾਂ ਅੱਗੇ ਉੱਚੇ ਬਣਨਾ ਨਹੀਂ ਚਾਹੀਦਾ ਹੈ। ਹੰਕਾਰ ਕਰਣ ਨਾਲ ਗੁਣ ਬੀ, ਔਗੁਣ ਹੋ ਜਾਂਦੇ ਹਨ, ਅਤੇ ਜੇ ਗੁਣਵਾਨ ਅਧੀਨਗੀ ਕਰੇ ਤਾਂ ਉਹਦੇ ਗੁਣ ਬਹੁਤ ਸ਼ੋਭਾ ਪਾਉਂਦੇ ਹਨ। ਦੇਖੋ ਜੇਹੜਾ ਭਾਂਡਾ ਸੱਖਣਾ ਹੁੰਦਾ ਹੈ ਓਹੀਓ ਬਹੁਤਾ ਖੜਕਦਾ ਹੈ। ਭਰੇ ਹੋਏ ਭਾਂਡੇ ਦੀ ਅਵਾਜ਼ ਨਹੀਂ ਆਉਂਦੀ॥

ਜੇਹੜੇ ਬ੍ਰਿਛ ਨਾਲ ਫਲ ਲੱਗੇ ਹੋਏ ਹੋਣ ਉਹਦੀ ਟਾਹਣੀ ਹੀ ਨਿਉਂਦੀ ਹੈ। ਸੁੰਞਾਂ ਬੂਟਾ ਸਿਰ ਉਤਾਂਹ ਰੱਖਦਾ ਹੈ। ਤਿਵੇਂ ਹੀ ਜਿਸ ਮੈਨੁੱਖ ਵਿੱਚ ਗੁਣ ਹੁੰਦੇ ਹਨ, ਉਹਦੀ ਨਜ਼ਰ ਨੀਵੀਂ ਹੁੰਦੀ ਹੈ। ਪਰ ਮੂਰਖ ਆਕੜਦਾ ਹੈ, ਕਿ ਮੇਰੇ ਜਿਹਾ ਧਰਤੀ ਉਤੇ ਕੋਈ ਹੈ ਹੀ ਨਹੀਂ॥