ਪੰਨਾ:ਪੰਜਾਬੀ ਪੱਤਰ ਕਲਾ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੬

ਪੰਜਾਬੀ ਪੱਤਰ ਕਲਾ


ਸਨ, ਤੇ ਪੰਜਾਬੀ ਦੇ ਮੰਨੇ ਪ੍ਰਮੰਨੇ ਲਿਖਾਰੀ ਸਨ। ਆਪ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਪਿਤਾ ਸਨ। ਪਿਤਾ ਦੇ ਨਾਲ ਇਸ ਪੱਤਰ ਨੂੰ ਐਡਿਟ ਕਰਨ ਵਿਚ ਭਾਈ ਵੀਰ ਸਿੰਘ ਜੀ ਵੀ ਕਾਫੀ ਹਿੱਸਾ ਲੈਂਦੇ ਸਨ। ਉਨ੍ਹਾਂ ਦੀਆਂ ਕਵਿਤਾਵਾਂ ਇਸ ਵਿਚ ਛਪਦੀਆਂ ਰਹਿੰਦੀਆਂ ਸਨ।

ਡਾਕਟਰ ਚਰਨ ਸਿੰਘ ਦਾ ਦੇਹਾਂਤ ਸੰਨ ੧੯੧੦ ਵਿਚ ਹੋਇਆ। ਉਨ੍ਹਾਂ ਤੋਂ ਪਿਛੋਂ ਕੁਝ ਚਿਰ ਇਸ ਪੱਤਰ ਦਾ ਸੰਪਾਦਨ ਲਾਲਾ ਧਨੀ ਰਾਮ ਚਾਤ੍ਰਿਕ ਕਰਦੇ ਰਹੇ ਤੇ ਫੇਰ ਭਾਈ ਸੇਵਾ ਸਿੰਘ ਨੇ ਇਹ ਸੇਵਾ ਸੰਭਾਲੀ। ਸੰਨ ੧੯੪੨ ਵਿਚ ਭਾਈ ਸੇਵਾ ਸਿੰਘ ਦਾ ਦੇਹਾਂਤ ਹੋਣ ਤੇ ਗਿਆਨੀ ਮਹਾਂ ਸਿੰਘ ਐਡੀਟਰ ਥਾਪੇ ਗਏ।

ਭਾਈ ਸਾਹਿਬ ਵੀਰ ਸਿੰਘ ਜੀ ‘ਖਾਲਸਾ ਸਮਾਚਾਰ’ ਦੇ ਮੁਖ ਪਰਬੰਧਕ ਹਨ ਤੇ ਇਸ ਪੱਤਰ ਦੇ ਗੁਰਪੁਰਬ ਅੰਕ ਆਮ ਤੌਰ ਤੇ ਉਨਾਂ ਦੀ ਹੀ ਕਲਮ ਤੋਂ ਹੁੰਦੇ ਹਨ ਜੋ ਚੰਗੇ ਖੋਜ ਪੂਰਤ ਹੋਣ ਕਰਕੇ ਸਿਖ ਜਨਤਾ ਵਿਚ ਬੜੀ ਦਿਲਚਸਪੀ ਨਾਲ ਪੜੇ ਜਾਂਦੇ ਹਨ। ਧਾਰਮਕ ਅਤੇ ਇਤਿਹਾਸਕ ਵਿਸ਼ਿਆਂ ਉਤੇ ਭਾਈ ਸੇਵਾ ਸਿੰਘ ਦੀ ਕਲਮ ਵਿਚੋਂ ਨਿਕਲੀਆਂ ਹੋਈਆਂ ਨੁਕਤਾ ਚੀਨੀਆਂ ਲਾਜਵਾਬ ਹੁੰਦੀਆਂ ਸਨ। ਇਸ ਪੱਤਰ ਦੇ ਅਛੂਤ ਉਧਾਰ, ਸੰਤ ਗਾਥਾ, ਨੀਤੀ ਸਿਖਿਆ ਆਦਿ ਵਿਸ਼ਿਆਂ ਸਬੰਧੀ ਲੇਖ ਖਾਸ ਤੌਰ ਤੇ ਪੜ੍ਹਣ ਜੋਗ ਹੁੰਦੇ ਹਨ। ਲਿਖਣਸ਼ੈਲੀ ਦੀ ਟੁੱਕ ਤੇ ਵਿਚਾਰਾਂ ਦੀ ਗੰਭੀਰਤਾ ਲਈ ਇਹ ਪੱਤਰ ਆਪਣੀ ਮਿਸਾਲ ਆਪ ਹੈ।

ਪੰਜਾਬੀ ਅਖ਼ਬਾਰਾਂ ਵਿਚ "ਖਾਲਸਾ ਸਮਾਚਾਰ" ਸਭ ਤੋਂ ਵੱਡੀ ਉਮਰ ਦਾ ਸਪਤਾਹਿਕ ਪੱਤਰ ਹੈ ਜੋ ਇੰਨੇ ਸਾਲਾਂ ਤੋਂ ਇਕ ਰਸ ਚੱਲ ਰਿਹਾ ਹੈ। ਸਿਵਾਏ ਅਗਸਤ ਸੰਨ ੧੯੪੭ ਦੇ ਝਗੜਿਆਂ ਵਿਚ ਥੋੜਾ ਕੁ ਚਿਰ ਬੰਦ ਹਿਣ ਦੇ ਇਸ ਨੇ ਕਦੇ ਨਾਗਾ ਨਹੀਂ ਪਾਇਆ ਸਾਲਾਨਾ ਚੰਦਾ ਛੇ ਰੁਪਏ ਹੈ।