(੧੧੨)
ਲੜੀਆਂ ਕੱਢ ਕੱਢ ਕਿੰਉ ਫਾਵੀ ਹੁੰਦੀ ਹੈ? ਫੇਰ ਕਿਹਾ ਚਲ ਨੀ ਪੂਰਨਦੇਇਯੇ ਆੜਿਯੇ ਐਨਾ ਨਹੀਂ ਖਿਝਾਈਦਾ ਇੱਕੋ ਜਿਹੀਆਂ ਦੀ ਸੌ ਗਲ ਹੁੰਦੀ ਹੈ। ਤੂੰ ਕੇਹੀ ਬੁਰੀ ਹੈਂ ਜੋ ਤੇਰੇ ਢਿੱਡ ਵਿੱਚ ਗੱਲ ਨਹੀਂ ਪਚਦੀ। ਤੈਂ ਨੂੰ ਕੀ ਇਨਾਂ ਗੱਲਾਂ ਨਾਲ਼ ਤੂੰ ਤਾਂ ਐਥੇ ਦੀ ਦੋਹਤੀ ਠਹਿਰੀ ਸਗੋਂ ਤੈਂ ਨੂੰ ਚਾਹੀਦਾ ਹੈ ਐਥੇ ਦੀਆਂ ਕੁੜੀਆਂ ਨਾਲ ਅੱਤ ਪਿਆਰ ਪਾਕੇ ਜਾਮੇਂ ਤੂੰ ਚੰਦਰੀਯੇ ਬੈਰ ਖਰੀਦਣ ਲਗੀ ਹੈਂ। ਭੈਣੇ ਫਗਵਾੜੇ ਦੀਆਂ ਧੀਆਂ ਤੇ ਬੁਰੀਆਂ ਹੁੰਦੀਆਂ ਹਨ ਜੋ ਨਾਨਕੀ ਆਕੇ ਬੀ ਲੜਨੇ ਲੜਾਉਣ ਤੇ ਨਹੀਂ ਟਲ਼ਦੀਆਂ। ਕਿਨੇ ਸੱਚੋ ਕਿਹਾ ਹੈ ਕਿ (ਬਹੂ ਆਈ ਫਗਵਾੜੇ ਦੀ ਤਾਂ ਢੂਹੀ ਭੰਨੇ ਲਾੜੇ ਦੀ)॥
ਪੂਰਨਦੇਈ ਨੇ ਕਿਹਾ ਚਲ ਨੀ ਚਲ ਤੂੰ ਕੇਹੜੀ ਭਈ ਇੱਥੇ ਦੀ ਧੀ ਹੈਂ ਤੂੰ ਬੀ ਤਾ ਦੋਹਤੀ ਹੀ ਹੈ। ਜਾਹ ਤਾ ਤੂੰ ਬੀ ਆਪਣੇ ਨਕੋਦਰ ਜਾਕੇ ਗੁਮਾਨ ਕਰ। ਕੇਡੇ ਕਹਾਣੇ ਪਾਉਣ ਸਿੱਖੀ ਹੈ! ਕੀ ਸਾ ਨੂੰ ਨਹੀਂ ਐਹੇ ਜਿਹੇ ਪਾਉਣੇ ਆਉਂਦੇ? ਜੇ ਤੂੰ ਸਾ ਨੂੰ ਫਗਵਾੜੇਂ ਦਾ ਮੇਹਣਾ ਮਾਰੇਂਗੀ ਤਾਂ ਅਸੀਂ ਬੀ ਤੇਰੇ ਨਕੋਦਰ ਦਾ ਕਹਾਣਾ ਜਾਣਦੇ ਹੈਂ ਭਈ (ਬਹੂ ਆਈ ਨਕੋਦਰ ਦੀ ਤਾਂ ਖਾਂਦੀ ਪੀਂਦੀ ਓਦਰ ਦੀ) ਇਹ ਸੁਣਕੇ ਸਭੋ ਕੁੜੀਆਂ ਹੱਸ ਪਈਆਂ ਅਰ ਬੋਲੀਆਂ ਲਓ ਭੈਣੋੋ ਹੁਣ ਤੁਸੀਂ ਦੋਨੋ ਬਰੋਬਰ ਹੋ ਗਈਆਂ ਸੋ ਚਲੋ ਹੁਣ ਚੱਲਕੇ ਕਿਤੇ ਪੀਂਘ ਝੂਟਿਯੇ॥
ਇੱਕ ਬੋਲੀ ਨੀ ਆਓ ਸਾਡੀ ਗਲ਼ੀ ਪੀਂਘ ਪਈ ਹੋਈ ਹੈ ਉੱਥੇ ਝੂਟਾਂਗੇ। ਪਾਸੋਂ ਇਕ ਤੀਮੀ ਬੋਲੀ ਨਾ ਨੀ ਬਾੱੱਜੀਓ ਉਥੋਂ ਠਾਣਾ ਨੇੜੇ ਅਰ ਸੁਪਾਹੀ ਕੋਲ਼ ਰਹਿੰਦੇ ਹਨ ਜੇ ਤੁਸੀਂ ਪੀਂਘ ਝੂਟਣੀ ਹੈ ਤਾਂ ਚੋਪੜਿਆਂ ਦੇ ਮਹੱਲੇ ਜਾਓ ਉਥੇ ਬੜੀ ਲੰਮੀ ਪੀਂਘ ਪਈ ਹੋਈ ਹੈ। ਨਾਲ਼ੇੇ ਉੱਥੋਂ ਬਜਾਰ ਬਡੀ ਦੂਰ ਹੈ ਮਨ ਭਾਉਂਦੇ ਸੋਹਲੇ ਗਾਮਿਓ।