(੧੩੮)
ਲੈ ਚੱਲੀਂ ਸਾਡਾ ਉਹ ਛਾਹੁ ਹੈ ਅਸੀਂ ਬੀ ਸਮਝਾਮਾਂਗੇ। ਇਹ ਆਖਕੇ ਸਲਾਮ ਦੁਆ ਤੇ ਬਾਦ ਚਲਿਆ ਗਿਆ॥
ਹੁਣ ਅਠਾਹਰਮੀਂ ਤਰੀਕੇ ਕਚੈਹਰੀ ਜਾਣੇ ਤੇ ਪਹਿਲੇ ਖੁਦਾਬਸਕ ਰਾਂਈਂ ਅਰ ਨਸੀਰਾ ਗੁੱਜਰ ਦੋਨੋ ਮਿਲ਼ਕੇ ਸੂਬਾਮੱਲ ਦੀ ਹੱਟੀ ਆਏ ਅਰ ਬੋਲੇ ਲਾਲਾ ਜੀ ਸਾਹਬ ਸਲਾਮ!
ਸੂਬੇ ਨੇ ਨਸੀਰੇ ਨੂੰ ਤਾ ਕੁਹੁੰ ਉਤਰ ਨਾ ਦਿੱਤਾ ਪਰ ਖੁਦਾਬਸਕ ਨੂੰ ਕਿਹਾ ਚੌਧਰੀ ਚਿਰੀਂ ਚਿਰੀਂ ਮੂੰਹ ਦਿਖਾਲ਼ਿਆ ਹੈ ਕਿਧਰ ਗੜਪੌਂਕ ਹੋ ਗਿਆ ਸਾ ਰਾਜੀ ਤਾ ਹੈਂ?
ਖੁਦਾਬਸਕ ਨੇ ਕਿਹਾ ਅੱਛੇ ਰਾਜੀ ਛਾਹ ਜੀ ਤੂੰ ਰਾਜੀ ਹੈਂ। ਗੜਪੌਂਕ ਤਾ ਨਹੀਂ ਹੋਇਆ ਪਰ ਤੂੰ ਜਾਣਨਾ ਹੈਂ ਜਦ ਤੇ ਮੁੰਡੇ ਆਪਣੇ ਡਾਂਡੇਮੀਡੇ ਜੁਦੇ ਹੋ ਬੈਠੇ ਹਨ ਅਕਲਾਪਿਆਂ ਦਾ ਨਿੱਕਲਨਾ ਘਰੋਂ ਨਹੀਂ ਹੋ ਸਕਦਾ। ਹੁਣ ਬੀ ਆਹ ਤੇਰੀ ਸਾਮੀ ਨਾਲ ਲੈਕੇ ਆਇਆ ਹਾਂ ਭਈ ਚਲੋ ਭਈ ਆਪਣੇ ਛਾਹ ਹੋਰਾਂ ਨੂੰ ਸਲਾਮ ਕਰ ਆਇਯੇ॥
ਛਾਹ ਨੇ ਕਿਹਾ ਦੇਖੀਂ ਕਿਤੇ ਇਹ ਦੇ ਡਾਣੇ ਨਾ ਚੜ੍ਹ ਜਾਮੀਂ ਏਹ ਗੁੱਜਰ ਬਡਾ ਕੋਈਦਾ ਹੈ। ਇਹ ਦੇ ਡੰਗੇ ਹੋਏ ਤਾ ਦਰਖਤ ਬੀ ਹਰੇ ਨਹੀਂ ਹੋਏ। ਆਹ ਜੇਹੜੀ ਇਸ ਦੀ ਦੀਨਦਾਰਾਂ ਵਰਗੀ ਸੁਰਤ ਬਣਾਈ ਹੋਈ ਹੈ ਨਿਰੀ ਉਹੋ ਗੱਲ ਹੈ ਜਿਹੀਕੁ ਲੋਕ ਕਹਾਉਤ ਪਾਉਂਦੇ ਹੁੰਦੇ ਹਨ (ਸੂਰਤ ਮੋਮਨਾਂ ਅਰ ਕਰਤੂਤ ਕਾਫਰਾਂ) ਚੌਧਰੀ ਪੰਜਾਹ ਰੁਪੈਯੇ ਤਾ ਮੂਲ਼ ਅਰ ਸਤਾਰਾਂ ਰੁਪੈਯੇ ਬਿਆਜ ਸਤਾਹਟ ਰੁਪੈਯੇ ਸਾਡੇ ਇਸ ਦੀ ਵਲ ਨਿੱਕਲ਼ਦੇ ਸੇ ਜਾਂ ਕਦੀ ਬੁਲਾਇਯੇ ਤਾ ਮੀਆਂ ਸਿੱਧੇ ਮੂੰਹ ਬੋਲਦਾ ਬੀ ਨਹੀਂ ਸਾ। ਜਾਂ ਹੁਣ ਸਰਕਾਰੇ ਅਰਜੀ ਦਿੱਤੀ ਤਾਂ ਹੁਣ ਸਾ ਨੂੰ ਕਹਿੰਦਾ ਹੈ ਕਿਸਤਾਂ ਕਰ ਲਓ। ਭਲਾ ਤੂੰ ਹੀ ਦੱਸ ਤਾ ਹੁਣ ਕਿਸਤਾਂ ਕਿੱਕੁਰ ਕਰ ਲਇਯੇ?
ਖੁਦਾਬਸਕ ਨੇ ਕਿਹਾ ਨਸੀਰਿਆ ਛਾਹੁ ਕੀ ਆਖਦਾ ਹੈ?