ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੬)

ਭਲਾ ਇਨ੍ਹੀਂ ਗੱਲੀਂ ਕੁਹੁੰ ਹੱਥ ਆ ਜਾਊ? ਫੇਰ ਆਪਣੇ ਬਡੇ ਪੁੱਤ ਨੂੰ ਆਖਿਆ ਕੰਮਿਆ ਪਰੇ ਐਨਾਂ ਪਖੀਰਾਂ ਫੁਕਰਿਆਂ ਦੇ ਕੋਈ ਪੈਸਾ ਪੂਸਾ ਮੱਥੇ ਮਾਰਕੇ ਬਾਹਰ ਕੱਢ ਇਨ੍ਹਾਂ ਨੇ ਤਾਂ ਕੋਈ ਅਨੇਰ ਗਰਦੀ ਚੱਕੀ ਹੋਈ ਹੈ। ਸੌਂਹ ਰਸੂਲ ਦੀ ਮੀਆਂ ਸਾਡਾ ਸੁਣਕੇ ਸਿਰ ਬੀ ਦੁਖਣ ਲੱਗ ਗਿਆ ਹੈ।

ਕੰਮੇ ਨੇ ਆਖਿਆ ਮੀਆਂ ਤੂੰ ਜਾਹ ਅੰਦਰ ਜਾਕੇ ਬੈਠ ਮੈਂ ਆਪੇ ਇਨ੍ਹਾਂ ਨੂੰ ਕੁਛ ਦੇ ਲੈਕੇ ਤੋਰ ਦੇਊਂ॥

ਬੁੱਢੇ ਨੇ ਕਿਹਾ ਜਾਓ ਭਈ ਮੀਆਂ ਅਗਲਾ ਪੁੱਤ ਵਾਲ਼ਾ ਏਹੋ ਹੈ ਏਸੇ ਨੂੰ ਤੁਸੀਂ ਜੋ ਆਖਣਾ ਹੋਵੇ ਸੋ ਆਖੋ ਹੋਰ ਕਿਸੀ ਨੇ ਤੁਹਾ ਨੂੰ ਫੁੱਟਾ ਬਦਾਮ ਨਹੀਂ ਦੇਣਾ। ਐਉਂ ਆਖਕੇ ਨਾਈ ਨੂੰ ਬੋਲਿਆ ਲਿਆਉ ਓਏ ਸਹੁਰੀ ਦਿਆ ਇੱਕ ਸੁਲਫਾ ਭਰ ਫੇਰ ਅਸੀਂ ਮਹਿਜਤ ਨੁਆਜ ਪੜ੍ਹਨ ਜਾਣਾ ਹੈ। ਜਾਂ ਨਾਈ ਹੁੱਕੇ ਪੱਤ ਪਾਕੇ ਲਿਆਇਆ ਤਾਂ ਬੁੱਢੇ ਨੇ ਇੱਕ ਹੋਰ ਜੁਲਾਹੇ ਅੱਗੇ ਹੁੱਕਾ ਕਰਕੇ ਆਖਿਆ ਲੈ ਮੀਆਂ ਪੀਉ। ਉਸ ਨੇ ਕਿਹਾ ਨਾ ਮੀਆਂ ਤੂੰ ਹੀ ਪੀਉ। ਉਨ ਆਖਿਆ ਨਾ ਓਏ ਮੀਆਂ ਤੂੰ ਨਸ਼ੰਗ ਪੀਉ ਮੈਂ ਰਾਤੀਂ ਜੂਸ਼ਬ ਦੇ ਨਿਕਾਹ ਤੇ ਪਿੱਛੋਂ ਇੱਕ ਸ਼ਾਹਨਕ ਸ਼ੱਕਰ ਤਾਂ ਚਾਉਲ਼ਾਂ ਦੀ ਖਾ ਬੈਠਾ ਇਸ ਸ਼ਬੱਬ ਮੈਂ ਨੂੰ ਖੰਘ ਬਹੁਤ ਛਿੜਦੀ ਹੈ ਜਦ ਤੂੰ ਚਲਾ ਦੇਮੇਂਗਾ ਤਾਂ ਦੋ ਘੁੱਟ ਮੈਂ ਬੀ ਲੈ ਲਊਂਗਾ॥

ਬਿਆਹ ਤੇ ਪਿੱਛੋਂ ਜਾਂ ਆਪਣੇ ਪਿੰਡ ਆਏ ਤਾਂ ਉਹ ਬੁੱਢਾ ਕਾਸ਼ਮ ਸ਼ੂਸ਼ੀਆਂ ਬੇਚਣ ਫੁਲੋਰ ਗਿਆ। ਆਪਣੇ ਦਲਾਲ ਦੀ ਹੱਟੀ ਜਾਕੇ ਪਹਿਲਾਂ ਤਾ ਸ਼ਾਹਬ ਸ਼ਲਾਮਤ ਆਖੀ ਫੇਰ ਖੈਰਸ਼ੱਲਾ ਪੁੱਛੀ। ਦਲਾਲ ਨੇ ਕਿਹਾ ਮੁੱਲਾਂ ਕਾਸ਼ਮਾ ਬਹੁਤੇ ਦਿਨੀਂ ਦੇਖਿਆ ਹੈ ਕਿਤੇ ਗਿਆ ਹੋਇਆ ਸਾ? ਕਾਸ਼ਮ ਨੇ ਕਿਹਾ ਨਹੀਂ ਜੀ ਤੁਹਾਡੇ ਕੰਮੇ ਦੇ ਪੁੱਤ ਜੂਸ਼ਬ ਦਾ ਨਿਕਾਹ ਸਾ ਇਸ ਸ਼ਬੱਬ ਮੇਰਾ ਆਉਣਾ ਨਹੀਂ ਹੋ ਸ਼ੱਕਿਆ॥