ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੬)

ਹੁਣ ਪੰਜ ਸੱਤ ਗੱਭਰੂ ਮਿਲਕੇ ਛਪਾਰ ਦੇ ਮੇਲੇ ਨੂੰ ਤਿਆਰ ਹੋਏ। ਕਿਸੇ ਨੇ ਡੱਬਾਖੇਸ ਅਰ ਕਿਨੇ ਤੇਲੇ ਸੂਤ ਦੇ ਡੋਰੇਵਾਲ਼ੀ ਚੁਤੈਹੀ ਕੱਢਕੇ ਉਪਰ ਲਈ। ਭਾਵੇਂ ਮਹੀਨਾ ਤਾਂ ਭਾਦੋਂ ਦਾ ਅਰ ਅੱਤ ਤੋਂਦੀ ਪੈਂਦੀ ਸੀ ਪਰ ਕਿਨੇ ਲਾਲ ਲੋਈ ਕੱਢਕੇ ਹੀ ਉੱਪਰ ਲਈ। ਕਿਨੇ ਐਂਹਾ ਸਾਂਗ ਬਣਾਇਆ ਕਿ ਤੇੜ ਤਾ ਹਰੇ ਗੁਲਬਦਨ ਦੀ ਸੁੱਥਣ ਅਰ ਗਲ਼ ਵਿੱਚ ਖਾਸੇ ਦਾ ਕੁੜਤਾ ਅਰ ਉੱਪਰ ਮਾਸੜ ਤੇ ਮੰਗਕੇ ਬੰਦਰੀ ਛੀਂਟ ਦਾ ਰੂੰ ਭਰਿਆਂ ਕਾਦਰਾ ਫਰਗਲ਼ ਚੋਗੇ ਦੇ ਥਾਂ ਲੈ ਲਿਆ। ਭਾਵੇਂ ਦਿਨ ਤਾ ਰੋਹੀ ਦੇ ਸੇ ਪਰ ਮੇਲੇ ਦੇ ਚਾਉ ਅਰ ਢੱਡ ਸਾਰੰਗੀ ਦੀ ਅਬਾਜ ਨੇ ਗਰਮੀ ਤੋਂਦੀ ਕੋਂਹ ਨਾ ਸੁੱਝਣ ਦਿਤੀ॥

ਹੁਣ ਮੇਲੇ ਵਿੱਚ ਬੜਦੇ ਹੀ ਭੂਹੇ ਚੜ ਗਏ ਕਿਨੇ ਤਾ ਕਿਸੇ ਜੱਟੀ ਦੇ ਗਿਰਦੇ ਘੇਰਾ ਪਾ ਲਿਆ ਅਰ ਕੋਈ ਪਘੂੜੇ ਝੂਟਣ ਜਾ ਲੱਗਾ। ਕਿਨੇ ਆਖਿਆ ਆਉ ਓਏ ਦੇਵਿਆ ਤੈਂ ਨੂੰ ਲੰਗੋਜੇ ਬੱਜਦੇ ਸੁਣਾਇਯੇ। ਇਕ ਜਗਾ ਜਾਕੇ ਕੀ ਦੇਖਿਆ ਕਿ ਪੰਜ ਸਤ ਸੌ ਮਨੁੱਖ ਦੀ ਧੁੰਬਲੀ ਲੱਗੀ ਹੋਈ ਅਰ ਵਿੱਚ ਦੂਰ ਦੂਰ ਦੇ ਜੱਟ ਆਪੋ ਆਪਣੇ ਰਾਗ ਸੁਣਾਉਂਦੇ ਹਨ। ਕੋਈ ਤਾ ਉਨ੍ਹਾਂ ਵਿੱਚ ਕਲੀਆਂ ਲਾਉਂਦਾ ਅਰ ਕੋਈ ਕਿਸੇ ਦੀਆਂ ਬੈਤਾਂ ਗਾਉਂਦਾ ਅਰ ਕੋਈ ਕਾਹਨ ਗੁਜਰੀ ਦਾ ਝੇੜਾ ਅਰ ਕੋਈ ਰਾਂਜੇ ਰਸਾਲੂ ਦੀ ਵਾਰ ਗਾਉਂਦਾ ਸੀ। ਕੋਈ ਬੋਲਿਆ ਭਈ ਆਓ ਹੁਣ ਹੀਰ ਰਾਂਝਾ ਅਰ ਸੱਸੀ ਪੁੰਨੂੰ ਗਾਮਿਯੇ। ਕਿਨੇ ਕਿਹਾ ਨਾ ਭਈ ਅਸੀਂ ਤਾ ਰਾਜਾ ਭਰਥਰੀ ਅਰ ਗੋਪੀਚੰਦ ਗਾਉਣਾ ਹੇ॥

ਇੱਕ ਜੱਟ ਬੇਲਿਆ ਭਈ ਏਹ ਸੱਭੇ ਗਾਉਂਦੇ ਤਾ ਠੀਕ ਹਨ ਪਰ ਕੱਕੜਵਾਲ਼ਿਯੇ ਬਾਹਮਣ ਨਾਲੋਂ ਘਟ!

ਇੱਕ ਹੋਰ ਬੋਲਿਆ ਆਹੋ ਓਏ ਕੱਕੜਵਾਲ਼ਿ ਯੇ ਨੂੰ ਸਾਡੇ ਪਿੰਡ ਦੇ ਰਾਗੀਆਂ ਨੇ ਕਈ ਵਾਰੀ ਢੰਗ ਹੇਠ ਦੋਂ ਲੰਘਾਇਆ ਹੋਇਆ ਹੈ।