ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੯)

(ਸਾਹਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇਇ) ਦੂਜੀ ਵਲੋਂ ਇੱਕ ਆਦਮੀ ਬੋਲਿਆ ਇਹ ਮਿੱਛਰ ਇੱਕ ਵਾਰ ਸਾਡੇ ਪਿੰਡ ਗਿਆ ਸਾ ਆਣਕੇ ਜੋ ਗਾਉਣ ਲੱਗਾ ਤਿੰਨ ਦਿੰਹ ਅਰ ਤਿੰਨ ਰਾਤੀਂ ਗਾਉਂਦਾ ਹੀ ਰਿਹਾ। ਗੁਰੂ ਝੂਠ ਨਾ ਬੁਲਾਵੇ ਅਣਤੋਲੀ ਮਿੱਟੀ ਪੁਰ ਖੜਾ ਅਰ ਤੁਸੀਂ ਪਰਮੇਸੁਰ ਦੀ ਪਰਿਆ ਸੁਣਦੇ ਹੋਂ ਤਿੰਹੁ ਦਿਨਾਂ ਵਿੱਚ ਇਨ ਝੋਲ਼ੀ ਭਰਕੇ ਟਕਿਆਂ ਦੀ ਲਿਆਂਦੀ। ਚੌਧਰੀਓ ਗੁਣੀ ਤਾ ਭਾਮਾਂ ਕੇਡਾ ਹੈ ਪਰ ਇੱਕ ਗੱਲ ਏਸ ਦੀ ਬੁਰੀ ਹੈ ਚੰਦਰਾ ਆਪਣੇ ਹਥ ਨਾਲ਼ ਕਿਸੇ ਨੂੰ ਕੌਡੀ ਨਹੀਂ ਦਿੰਦਾ। ਸਾਡੇ ਪਿੰਡ ਐਤਨੇ ਟਕੇ ਬਰਸੇ ਪਰ ਇਹ ਦੀ ਮਾਂ ਪੁਰ ਤਲਾਕ ਹੈ ਜੇ ਏਨ ਕਿਸੇ ਪਖੀਰ ਫ਼ੁਕਰੇ ਦੇ ਹੱਥ ਕੌਡੀ ਧਰੀ ਹੋਵੇ। ਨਾ ਅੜਿਆ ਕਿਸੇ ਨੂੰ ਆਪ ਭੀ ਵਰਾਸਾਉਣਾ ਚਾਹੀਦਾ ਹੈ।

ਇਹ ਸੁਣਕੇ ਕੋਈ ਖੱਤਰੀ ਜੇਹਾ ਬੋਲਿਆ ਭਈ ਚੌਧਰੀਓ ਪਹਿਲਾਂ ਤਾਂ ਤੁਸੀਂ ਉਸ ਬਾਹਮਣ ਦੀ ਬਡਿਆਈ ਕਰਦੇ ਨਹੀਂ ਥਕਦੇ ਸੇ ਅਰ ਹੁਣ ਗਾਲ਼ਾਂ ਕੱਢਣੇ ਉੱਤੇ ਲੱਕ ਬੰਨ੍ਹ ਲਿਆ ਇਹ ਤੁਹਾ ਨੂੰ ਕੀ ਬਾਣ ਹੈ?

ਉਨ੍ਹੀਂ ਆਖਿਆ ਭਈ ਲਾਲਾ ਜਹਾਨ ਆਰਸੀ ਹੈ ਜੇਹਾ ਦੇਖੂ ਤੇਹਾ ਆਖੂ ਸੋ ਜੋ ਕੁਛ ਦੇਖਿਆ ਸਾ ਆਖ ਦਿੱਤਾ ਦੇਹ ਦੀ ਸੌਹੁੰ ਮੈਂ ਝੂਠ ਤਾ ਨਹੀਂ ਆਹੰਦਾ ਮੈਂ ਨੂੰ ਤਾ ਰਿਜਕ ਦੀ ਸੌਹੁੰ!

ਉਨ ਹੱਸਕੇ ਆਖਿਆ ਫਿੱਟ ਤੁਹਾਡੀ ਮੱਤ ਨੂੰ ਤੁਸੀਂ ਕਿਹੋ ਜੇਹੇ ਚੰਦਰੇ ਦੇਸ ਦੇ ਹੋਂ ਜੇਹੜੇ ਰੀਣਕੁ ਗੱਲ ਵਿੱਚ ਸੌ ਸੌ ਗਾਲ਼ੀ ਨਾਲ਼ੇ ਹਜਾਰ ਹਜਾਰ ਸੌਹੁੰ ਖਾਣ ਲੱਗ ਜਾਂਦੇ ਹੋ?

ਜੱਟਾਂ ਨੇ ਆਖਿਆ ਭਈ ਆਹੰਦਾ ਤਾਂ ਸੱਚੁ ਹੈਂ ਜੱਟ ਦੇ ਮੂੰਹ ਗਾਲ਼ੀ ਬਡੀ ਚੜ੍ਹੀ ਰਹਿੰਦੀ ਹੈ ਲੈ ਭਈ ਸੌਹੁੰ ਗੁਰੂ ਦੀ ਨਾ ਭਾ ਅੱਜੁ ਤੇ ਲੈਕੇ ਕਦੇ ਕਿਸੇ ਦੀ ਸੌਹੁੰ ਖਾਣੀ ਹੈ। ਅਰ ਨਾ ਕਦੀ ਕਿਸੇ ਨੂੰ ਗਾਲ਼ੀ ਦੇਣੀ ਹੈ!