ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੦)

ਹਨ। ਸੋ ਉਨਾਂ ਹੱਡੀਆਂ ਦਾ ਨਾਮ ਅਸਤ ਅਰ ਫੁੱਲ ਸੱਦੀਦਾ ਹੈ॥

ਮੁਸਲਮਾਨ ਨੇ ਕਿਹਾ ਬਰ ਜ਼ਰੂਰ, ਅੱਛਾ ਲਾਲਾ ਜੀ ਸਾਹਬ ਸਲਾਮ ਆਖਦੇ ਹੈਂ। ਮਿਹਰਬਾਨੀ ਰੱਖਣੀ॥

ਜਾਂ ਸਭ ਲੋਕ ਅਸ਼ਨਾਨ ਧਿਆਨ ਕਰ ਚੁੱਕੇ ਤਾਂ ਆਪੋ ਆਖਣੀਆਂ ਗਠੜੀਆਂ ਬਨ੍ਹਕੇ ਇਕੋ ਵਾਰ ਉਚੀ ਉਵਾਜ ਨਾਲ਼ ਬੋਲੇ (ਬੇਲੇਗਾ ਸੋ ਨਿਹਾਲ ਹੋਏਗਾ ਓ ਬੋਲ ਗੰਗਾ ਜੀ ਕੀ ਜੈ! ਹੇ ਮਾਤ ਗੰਗੇ ਤੇਰੀ ਸਦਾ ਈ ਜੈ।) ਜਾਂ ਥੋੜਾ ਅਗੇ ਨੰਘੇ ਤਾਂ ਕੁਛ ਸੰਗ ਗੰਗਾ ਜੀ ਜਾਣਵਾਲਾ ਫਲੌਰ ਦਾ ਮਿਲ ਪਿਆ। ਜਲੰਧਰੀਆਂ ਦੇ ਨਾਲ਼ ਜੋ ਇੱਕ ਭੂਪਾ ਨਾਮੇ ਨਾਈ ਸਾ ਉਸ ਨੇ ਪਛਾਣ ਲਿਆ ਭਈ ਫਲੌਰ ਦੇ ਸੰਗ ਵਿਚ ਸਾਡੇ ਲਾਲਿਆਂ ਦੇ ਕੁੜਮ ਬੀ ਆਏ ਹੋਏ ਹਨ ਕਿ ਜਿਨ੍ਹਾਂ ਦੀ ਕੁੜੀ ਸਾਡੇ ਚੰਬੀਰੇ ਨੂੰ ਮੰਗੀ ਹੋਈ ਹੈ। ਫਿਰ ਮਨ ਵਿੱਚ ਕਿਹਾ ਭਾਈ ਚੱਲ ਲੈਣ ਦਿਓ ਅੱਜ ਜਿਥੇ ਡੇਰਾ ਹੋਊ ਉਥੇ ਇਨ੍ਹਾਂ ਫੁਲੌਰੀਆਂ ਨੂੰ ਦੱਸ ਦੇਣਾ ਹੈ ਭਈ ਤੁਹਾਡੇ ਕੁੜਮ ਬੀ ਜਲੰਧਰ ਵਾਲ਼ੇੇ ਆਏ ਹੋਏ ਅਰ ਨਾਲ਼ੇੇ ਮੁੰਡਾ ਹੰਬੀਰ ਚੰਦ ਬੀ ਆਇਆ ਹੋਇਆ ਹੈ। ਜਾਂ ਉਸ ਦਿਨ ਸਭਨਾਂ ਦਾ ਡੇਰਾ ਲੁਦੇਹਾਣੇ ਹੋਇਆ ਤਾਂ ਭੂਪੇ ਨਾਈ ਨੇ ਡੌਲ ਨਾਲ਼ ਦੋਹੀਂ ਪਾਸੀਂ ਖਬਰ ਕਰ ਦਿੱਤੀ ਭਈ ਤੁਹਾਡੇ ਕੁੜਮ ਉਤਰੇ ਹੋਏ ਹਨ।

ਫੁਲੌਰੀਆਂ ਨੂੰ ਪਹਿਲਾਂ ਤਾ ਕੁਛ ਚਿੰਤਾ ਜੇਹੀ ਹੋਈ ਪਰ ਫੇਰ ਮਨ ਵਿੱਚ ਵਿਚਾਰ ਕੀਤੀ ਭਈ ਹੁਣ ਮੂੰਹ ਲੁਕੋਣਾ ਅੱਛਾ ਨਹੀਂ ਦੋਹੀਂ ਪਾਸੀਂ ਖਬਰ ਹੋ ਗਈ ਹੈ ਚਲੋ ਔਖੇ ਸੌਖੇ ਮੱਥਾ ਟੇਕ ਆਇਯੇ। ਉਨਾਂ ਦੇ ਨਾਲ ਇੱਕ ਸਿਆਣਾ ਸਾ ਉਸ ਨੂੰ ਪੁੱਛਣ ਲੱਗੇ ਕਿ ਤਾਇਆ ਜੀ ਜਿਨ੍ਹਾਂ ਦੇ ਘਰ ਸਾਡੀ ਭਾਨੀ ਮੰਗੀ ਹੋਈ ਹੈ ਓਹ ਸਾਡੇ ਕੁੜਮ ਅਹੁ ਸਾਹਮਣੇ ਉੱਤਰੇ ਹੋਏ ਹਨ ਸਾਨੂੰ ਤੁਸੀਂ ਸਲਾਹ ਦੇਵੋ ਕਿ ਹੁਣ ਕੀ ਕਰਨਾ ਚਾਹਿਯੇ?