(੯੪)
ਛਿੱਟਾਂ ਗਈਆਂ ਭਾਬੜਿਆਂ ਦੀ ਗਲ਼ੀ ਬੁੱਝੋ ਕੌਣ ਹੈ? ਉਨ੍ਹਾਂ ਨੇ ਕਿਹਾ ਹੁੰਬੀਰ ਭਾਬੜੇ ਦੇ ਘਰ ਦੋ ਟਿਲਵੇ ਅਰ ਟਿਲਵੀਆਂ ਹਨ।
ਜਾਂ ਦੂਜੀ ਧਿਰ ਦੇ ਮੁੰਡਿਆਂ ਨੇ ਕਿਹਾ ਭਲਾ ਭਈ ਇਹ ਦੱਸੋ ਤਾ ਇੱਕ ਦੇ ਘਰ ਇੱਕ ਟਿੱਲਵੀ ਲੰਡ ਬਲੰਡੀ ਭਾਂਡੇ ਫੁੱਟੇ ਕਾਨੂੰਗੋਆਂ ਦੇ ਮਹੱਲੇ ਅਰ ਛਿੱਟਾਂ ਬੀ ਓਥੇ ਹੀ ਰਹੀਆਂ। ਇਹ ਸੁਣਕੇ ਆਪਸ ਵਿੱਚੀਂ ਸੋਚਣ ਲੱਗੇ ਭਈ ਸਾਲ਼ਿਓ ਉਸ ਮਹੱਲੇ ਇੱਕ ਟਿੱਲਵੀ ਤਾ ਕਈਆਂ ਦੇ ਘਰ ਹੈ ਕੇਹ ਦਾ ਨਾਉਂ ਲਇਯੇ। ਜਾਂ ਇੱਕ ਨੇ ਕਿਹਾ ਬੂੜਾਮੱਲ ਦੇ ਘਰ ਤਾਂ ਦੂਜੀ ਧਿਰ ਦੇ ਮੁੰਡੇ ਕਹਿਣ ਲਗੇ ਨਹੀਂ ਨਹੀਂ। ਆਓ ਤਾਂ ਸਾਲ਼ਿਓ ਹੁਣ ਤਾ ਜਾਰਾਂ ਨੂੰ ਢਾਸੀਆਂ ਦੇਓ। ਝੱਟ ਉਨਾਂ ਮੁੰਡਿਆਂ ਨੂੰ ਜੋ ਹਾਰ ਗਏ ਸੇ ਘੋੜੀਆਂ ਬਣਾਕੇ ਏਹ ਸਭੇ ਆੜੀ ਉਪਰ ਚੜ੍ਹ ਬੈਠੇ ਅਰ ਉਸ ਘਰ ਦੇ ਬੂਹੇ ਲੈ ਗਏ ਕਿ ਜਿਸ ਘਰ ਦੀ ਟਿਲਵੀ ਪੁੱਛੀ ਸੀ। ਇੱਕ ਮੁੰਡਾ ਅੰਦਰ ਜਾਕੇ ਬੋਲਿਆ ਘਰਵਾਲ਼ਿਓ ਹੇਠਲੇ ਉੱਪਰ ਕਿ ਉਪਰਲੇ ਉੱਪਰ? ਘਰਵਾਲ਼ੇ ਲੋਕ ਅੱਗੇ ਜਾਣਦੇ ਹੀ ਹੁੰਦੇ ਹਨ ਕਿ ਜੇ ਉੱਪਰਲੇ ਉੱਪਰ ਕਹਿੰਦੇ ਹਾਂ ਤਾਂ ਓਹ ਹੇਠਵਾਲ਼ੇ ਫੇਰ ਦਬਾਏ ਹੋਏ ਹੀ ਇਨ੍ਹਾਂ ਨੂੰ ਮੋੜਕੇ ਖੇਲ ਦੀ ਜਾਗਾ ਤਕ ਲਜਾਣਗੇ ਅਰ ਔਖੇ ਹੋਣਗੇ। ਇਸ ਕਾਰਨ ਉਨ੍ਹੀਂ ਅੰਦਰੋਂ ਕਿਹਾ ਭਈ ਹੇਠਲੇ ਉਪਰ। ਝੱਟ ਹੇਠ ਵਾਲ਼ੇ ਉਪਰ ਚੜ੍ਹ ਕੇ ਉਸੀ ਜਗਾ ਲੈ ਆਏ ਕਿ ਜਿੱਥੇ ਬੈਠੇ ਖੇਡਦੇ ਸੇ॥
ਇਕ ਮੁੰਡਾ ਜੋ ਓਪਰਾ ਕਿਤੇ ਦੂਰ ਦਾ ਉਥੇ ਖੜਾ ਦੇਖਦਾ ਸਾ ਉਸ ਨੇ ਪੁੱਛਿਆ ਭਈ ਸਾਡੇ ਸੈਹਰ ਤਾ ਇਹ ਖੇਲ ਕੋਈ ਨਹੀਂ ਜਾਣਦਾ ਤੁਸੀਂ ਟਿਲਵਾ ਟਿਲਵੀ ਅਰ ਲੰਡ ਬਲੰਡੀ ਕੀ ਕਹਿੰਦੇ ਹੋ?
ਮੁੰਡੇ ਬੋਲੇ ਟਿਲਵੇ ਟਿਲਵੀਆਂ ਹੋਏ ਮੁੰਡੇ ਕੁੜੀਆਂ ਅਤੇ ਲੰਡ ਬਲੰਡੇ ਓਹ ਹੁੰਦੇ ਹਨ ਕਿ ਜਿਨ੍ਹਾਂ ਦੇ ਨਾਲ਼ ਹੋਰ ਕੋਈ ਨਾ ਹੋਵੇ। ਜਿਹਾਕੁ ਇੱਕ ਟਿਲਵਾ ਲੰਡ ਬਲੰਡਾ ਕਹਿਯੇ ਤਾਂ ਕੱਲਾ ਮੁੰਡਾ ਹੀ ਸਮਝੀਦਾ ਹੈ ਉਸ ਦੇ ਕੋਈ ਭੈਣ ਨਹੀਂ ਹੁੰਦੀ।