ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੬)

ਉਹ ਝੱਟ ਲੜ ਛੁਡਾ ਕੇ ਨੱਠ ਗਿਆ ਅਰ ਓਹ ਸਭ ਮੁੰਡੇ ਉਸ ਦੇ ਮਗਰ ਐਉਂ ਕਹਿਕੇ ਤਾਉੜੀ ਲਾਉਣ ਲੱਗ ਗਏ। (ਕੇ! ਇਤਨੇਕੁ ਮੁੰਡੇ ਤੇ ਹਾਰਕੇ ਨੱਠ ਗਿਆ ਈ ਓਏ॥)

ਇਨ੍ਹਾਂ ਮੁੰਡਿਆਂ ਤੇ ਡਰਦਾ ਜਾਂ ਉਹ ਖੁਰੀ ਕਰੀ ਜਾਂਦਾ ਸਾ ਤਾਂ ਅੱਗੇ ਉਸ ਨੂੰ ਸਿਆਣਿਆਂ ਮੁੰਡਿਆਂ ਦੀ ਇਕ ਢਾਣੀ ਖੇਡਦੀ ਮਿਲੀ। ਉਨ੍ਹੀਂ ਪੁੱਛਿਆ ਭਈ ਤੂੰ ਨੱਠਾ ਕਿੰਉ ਜਾਂਦਾ ਹੈ ਆਉ ਕੁਛ ਖੇਡਿਯੇ? ਉਸ ਨੇ ਕਿਹਾ ਜਾਰ ਤੁਹਾਡੇ ਸੈਹਰ ਦੇ ਮੁੰਡੇ ਬਡੇ ਸਤਾਨ ਹਨ ਮੈਂ ਔਥੇ ਇੱਕ ਮੁੰਡੇ ਨੂੰ ਇੱਕ ਗੱਲ ਪੁੱਛੀ ਸਾਲ਼ਾ ਗਾਲ਼ਾਂ ਕਢਣ ਲੱਗ ਪਿਆ ਸੋ ਅਸੀਂ ਨਹੀਂ ਤੁਹਾਡੇ ਨਾਲ਼ ਖੇਡਦੇ॥

ਉਨ੍ਹਾਂ ਕਿਹਾ ਫੇਰ ਤੂੰ ਐਂਡਾ ਬੁੱਢ ਬਲੇਦ ਹੋਕੇ ਉਸ ਚੀਂਗੁਰ ਪੋਟ ਵਿੱਚ ਕਿਉਂ ਜਾ ਖੜਾ ਹੋਇਆ ਸਾ ਆਉ ਤਾ ਸਾਡੇ ਵਿੱਚ ਖੇਡ।

ਪਹਿਲਾਂ ਤਾਂ ਸਭ ਰਲ਼ ਕੇ ਕੁਵੱਡੀ ਖੇਡਦੇ ਰਹੇ ਪਰ ਫੇਰ ਪਰੇ ਤੇ ਜਾਂ ਬੈਂਤਾਂ ਦੀ ਅਵਾਜ ਆਈ ਤਾਂ ਬੋਲੇ ਆਓ ਓਏ ਝੋਕਿਓ ਐਥੋਂ ਖੜੇ ਕੀ ਕਰਦੇ ਹੋਂ ਚਲੇ ਬਜਾਰ ਚੱਲਕੇ ਬੈਂਤੀ ਜਿਦਦੇ ਦੇਖਿਯੇ। ਇੱਕ ਬੋਲਿਆ ਅਹੋ ਹੋਏ ਬੈਂਤਾਂ ਦਾ ਕੀ ਸੁਣਨਾ ਕੋਈ ਛੋਟਾ ਜਿਹਾ ਮੁੰਡਾ ਸੱਸੀ ਪੁੰਨੂੰ ਦੀਆਂ ਬੈਂਤਾਂ ਗਾਉਂਦਾ ਹੈ। ਉਹ ਦੇ ਨਾਲ਼ੋਂ ਚੰਗੀਆਂ ਤਾਂ ਅਸੀਂ ਆਪ ਹੀ ਗਾਉਂ ਲੈਂਦੇ ਹੈਂ। ਏਹ ਆਖਕੇ ਕੋਈ ਹੀਰ ਰਾਂਝੇ ਅਰ ਕੋਈ ਸੋਹਣੀ ਮੇਹੀਵਾਲ਼ ਦੀਆਂ ਅਰ ਕੋਈ ਗੋਪੀ ਚੰਦ ਅਤੇ ਪੂਰਣ ਭਗਤ ਦੀਆਂ ਬੈਂਤਾਂ ਗਾਉਣ ਲੱਗ ਪਿਆ। ਜਾਂ ਰਾਤ ਬਡੀ ਚਲੀ ਗਈ ਤਾਂ ਸਭ ਘਰਾਂ ਨੂੰ ਚਲੇ ਗਏ॥

ਦੂਜੇ ਦਿਨ ਕਈ ਮੁੰਡੇ ਰਲ਼ ਕੇ ਦੇਵੀਤਾਲ ਨਾਉਣ ਗਏ ਉਥੇ ਜਾਕੇ ਕੀ ਦੇਖਦੇ ਹਨ ਕਿ ਦੇ ਤਿੰਨ ਮੁੰਡੇ ਨੂਰਮਹਿਲਿਯੇ ਅਤੇ ਰਾਹੋਂਵਾਲ਼ਿਯੇ ਜੇ ਜਲੰਧਰ ਸੌਦੇਪੱਤੇ ਆਏ ਹੋਏ ਸੇ ਬੈਠੇ ਪੰਜਾ ਲੈ ਰਹੇ ਹਨ ਇਨ੍ਹੀਂ ਜਲੰਧਰੀਆਂ ਥੀ ਜਾ ਬਾਂਹ ਅੜਾਈ। ਇੱਕ ਦੇਹੁੰ ਨੇ ਜਾਂ ਇਨ੍ਹਾਂ ਦਾ ਪੰਜਾ ਮਾਰ ਲਿਆ ਤਾਂ ਹੂਰਾਮੁੱਕੀ ਹੋ ਪਏ॥