ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੩੯)
ਰੂਪਨਾਗੜ੍ਹ ਦੇ ਰਾਜ ਦੀ ਰਾਜ ਕੁਮਾਰੀ ਜੋ ਔਰੰਗਜ਼ੇਬ ਨਾਲ ਮੰਗੀ ਹੋਈ ਸੀ ਉਸਨੂੰ ਬਾਦਸ਼ਾਹੀ ਸਪਾਹੀਆਂ ਥੀ ਜੋਰਾਵਰੀ ਖੋਹਕੇ ਆਪਨੇ ਮਹਿਲਾਂ ਵਿੱਚ ਪਾ ਲਿਆ ਸਾ, ਇਸ ਦਾ ਬਿਤਾਂਤ ਐਉਂ ਹੈ ਕਿ ਜਦ ਔਰੰਗਜ਼ੇਬ ਨੇ ਆਪਨੇ ਨਾਲ ਮੰਗੀ ਹੋਈ ਰੂਪਨਾਗੜ੍ਹ ਦੀ ਰਾਜਕੁਮਾਰੀ ਦੇ ਲਿਆਉਨ ਲਈ ਦੋ ਹਜਾਰ ਸਿਪਾਹੀ ਭੇਜੇ, ਤੇ ਉਸਨੇ ਜਾਂ ਤਾਂ ਇਸਲਈ ਗੁੱਸੇ ਹੋ ਕੇ ਕਿ ਬਾਦਸ਼ਾਹ ਬਹੁਤ ਕਾਹਲੀ ਕਰਦਾ ਹੈ, ਸੰਤੋਖ ਨਹੀਂ ਕਰਦਾ, ਜਾਣ ਵੱਲੋਂ ਬਹਾਨਾ ਕੀਤਾ। ਅਥਵਾ ਉਹ ਰਾਣਾ ਦੀ ਸੂਰਮਤਾ ਪੁਰ ਪ੍ਰਸੰਨ ਹੋ ਗਈ ਸੀ, ਜੋ ਉਸਨੇ ਉਸ ਵੇਲੇ ਦੇਖੀ ਸੀ ਕਿ ਜਦ ਰਾਨਾਂ ਨੇ ਰੂਪਨਾਗੜ੍ਹ ਦੇ ਇੱਕ ਸਰਦਾਰ ਦੇ ਨਾਲ ਤਲਵਾਰ ਚਲਾਈ ਸੀ। ਬਾਹਲਾ ਕੀ ਕਹਿਨਾ ਹੈ, ਉਸਨੇ ਰਾਣਾ ਕੋਲੋਂ ਸਹਾਯਤਾ ਮੰਗੀ ਅਤੇ ਕਰਾਰ ਕੀਤਾ ਕਿ ਜੇ ਆਪ ਮੇਰੀ ਸਹਾਯਤਾ ਕਰੇ ਤਾਂ ਮੈਂ ਆਪਦੇ ਨਾਲ ਵਿਵਾਹ ਕਰ ਲਵਾਂਗੀ। ਇਸ ਸੁਨੇਹੇ ਦੇ ਪਹੁੰਚਦੀ ਸਾਰ ਰਾਣਾ ਰਾਜ ਸਿੰਘ ਬਹੁਤ ਸਾਰੀ ਸੈਨਾ ਲੈਕੇ ਉਸਦੀ ਮਦਤ ਕਰਨ ਨੂੰ ਆ ਗਿਆ, ਅਤੇ ਬਾਦਸ਼ਾਹੀ ਫ਼ੌਜ ਨੂੰ ਮਾਰਕੇ ਉਸ ਰਾਜ ਕੁਮਾਰੀ ਨੂੰ ਛੁਡਾ ਕੇ ਲੈ ਗਿਆ!