ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੨੩੫)
ਮਿੱਤ੍ਰ ਡਾਕਟਰ ਰਮੂਜੀਨੀ ਰਹਿੰਦਾ ਹੈ, ਉਹ ਦਵਾ ਦਾਰੂ ਵਿੱਚ ਬੜਾ ਲਾਇਕ ਹੈ ਤੇ ਪ੍ਰਸਿੱਧ ਹੈ ਅਤੇ ਪਰਮੇਸ਼੍ਵਰ ਨੇ ਉਸਦੇ ਹੱਥ ਵਿੱਚ ਅਰੋਗਤਾ ਬੀ ਦਿੱਤੀ ਹੈ, ਬਲਕਿ ਇਸ ਰੋਗ ਦੇ ਦੂਰ ਕਰਨ ਵਿੱਚ ਉਸਨੂੰ ਬੜਾ ਅਭ੍ਯਾਸ ਹੋ ਗਿਆ ਹੈ। ਪਰ ਉਸਦੀ ਇਹ ਵਾਦੀ ਹੈ ਕਿ ਓਹ ਕਦੇ ਕਿਸੇ ਰੋਗੀ ਦੇ ਘਰ ਨਹੀਂ ਜਾਂਦਾ,ਭਾਵੇਂ ਰਾਜਾ ਹੋਵੇ ਭਾਵੇਂ ਅਮੀਰ ਹੋਵੇ, ਜੇਕਰ ਆਪ ਇਸਦੀ ਦਵਾ ਕਰਨੀ ਚਾਹੁੰਦੇ ਹੋ ਤਾਂ ਮੈਂ ਸਪਾਰਸ਼ ਦੀ ਚਿੱਠੀ ਉਸ ਵੱਲ ਲਿਖ ਦਿੰਦਾ ਹਾਂ॥
ਇਸ ਧੁਨੀ ਨੂੰ ਤਾਂ ਇਕ ਕਮਰਿਓਂ ਦੂਜੇ ਕਮਰੇ ਤੀਕੂੰ ਜਾਣਾ ਔਖਾ ਸਾ, ਦਵਾ ਕਰਨ ਲਈ ਜਾਤ੍ਰਾ ਕਦ ਚੰਗੀ ਲੱਗਦੀ ਸੀ, ਸੁਣਕੇ ਚੁਪ ਹੋ ਰਿਹਾ ਅਤੇ ਫ਼ੀਸ ਦੇਕੇ ਡਾਕਟਰ ਨੂੰ ਤਾਂ ਰਵਾਨਾ ਕੀਤਾ,ਪਰ ਓੜਕ ਨੂੰ ਜਦ ਧੀਰੇ ੨ ਦੁਖ ਬਹੁਤ ਵਧ ਗਇਆ ਅਤੇ ਕੋਈ ਹੀਲਾ ਰਾਜੀ ਹੋਣ ਦਾ ਨਾ ਲੱਭਾ ਤਾਂ ਦੁਖੀ ਹੋ ਕੇ ਪਿੰਡ ਵੇਦੇ ਜਾਨ ਦੀ ਤਿਆਰੀ ਕੀਤੀ, ਤੇ ਡਾਕਟਰ ਪਾਸੋਂ ਸਪਾਰਸ਼ ਦੀ ਚਿੱਠੀ ਮੰਗਵਾਈ। ਓਹ ਸ਼ਹਿਰ ਉਥੋਂ ਇੱਕ ਦਿਨਦਾ ਪੈਂਡਾ ਸਾ ਪਰ ਇਸ ਬਿਚਾਰੇ ਨੇ ਹੌਲੀ ੨ ਚਵਾਂ ਦਿਨਾਂ ਵਿਚ ਪੂਰਾ ਕੀਤਾ