ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੫੮)
ਇਕ ਦਿਨ ਬੈਸੈਨੀਓ ਆਪਣੇ ਪ੍ਯਾਰੇ ਮਿਤ੍ਰ ਐਂਟੋਨੀਓ ਕੋਲ ਆਇਆ ਅਤੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਬੋਲਿਆ:–
ਬੈਸੇਨੀਓ—ਮੈਂ ਚਾਹੁੰਦਾ ਹਾਂ ਕਿ ਉਸ ਕੋਮਲ ਦਿੱਬ ਜੋਤ ਮੁਟਿਆਰ ਸੁੰਦ੍ਰੀ ਨਾਲ ਵਿਆਹ ਕਰਾਂ ਜਿਸਦਾ ਪ੍ਰੇਮ ਮੇਰੇ ਮਨ ਵਿੱਚ ਘਰ ਕਰ ਚੁੱਕਾ ਹੈ ਅਤੇ ਜੋ ਆਪਣੇ ਪੇਊ ਦੇ ਮਰਣ ਮਗਰੋਂ ਬਹੁਤ ਮਾਲ ਅਤੇ ਮਿਲਖਾਂ ਦੀ ਮਾਲਕ ਹੈ, ਇਸ ਸੰਜੋਗ ਨਾਲ ਮੈਂ ਸੌਰ ਜਾਵਾਂਗਾ। ਅਜੇ ਓਹਦਾ ਪੇਉ ਜੀਉਂਦਾ ਹੀ ਸੀ ਕਿ ਮੈਂ ਉਹਨੂੰ ਮਿਲ ਆਇਆ ਸਾ ਓਸ ਦੀਆਂ ਮਸਤ ਅੱਖਾਂ ਦੀਆਂ ਸੈਣਤ ਨਾਲ ਹੀ ਅੰਦਰੋਂ ਅੰਦਰ ਚੁੱਪ ਚੁਪੀਤੇ ਮੇਰੇ ਮਨ ਵਿੱਚ ਇਹ ਗੱਲ ਖੁੱਭ ਗਈ ਅਤੇ ਨਿਹਚਾ ਹੋ ਗਿਆ ਕਿ ਓਹ ਨੂੰ ਭੀ ਮੇਰੀ ਚਾਹ ਹੈ। ਪਰ ਕੀ ਕਰਾਂ ਇਸ ਵੇਲੇ ਮੇਰੇ ਕੋਲ ਐਨਾ ਧਨ ਨਹੀਂ ਹੈ ਜੋ ਉਸ ਮਨ ਮੋਹਨੀ, ਧਨਵੰਤੀ, ਯਾਰੀ ਦੀ ਪ੍ਰੀਤਿ ਦੱਸਣ ਲਈ ਜੋ ਜੋ ਪਦਾਰਥ ਲੋੜੀਂਦੇ ਹਨ ਲੈ ਸੱਕਾਂ, (ਸਿਰ ਨੀਵਾਂ ਕਰਕੇ) ਜਿੱਥੇ ਤੁਸਾਂ ਹੋਰ ਸੈਂਕੜੇ ਉਪਕਾਰ ਮੇਰੇ ਉੱਤੇ ਕੀਤੇ ਹਨ ਓਥੇ ਇਸ ਲੋੜ ਦੇ ਵੇਲੇ ਹੋਰ ਤਿੰਨ ਹਜ਼ਾਰ ਰੁਪਯੇ ਦੀ ਕ੍ਰਿਪਾ ਕਰੋ॥